ਬ੍ਰਿਸਬੇਨ : 40 ਦੇ ਕਰੀਬ ਵਿਅਕਤੀਆਂ ਵਿਚਕਾਰ ਲੜਾਈ, 8 ਵਿਅਕਤੀ ਗੰਭੀਰ ਜ਼ਖਮੀ

09/14/2021 4:43:52 PM

ਬ੍ਰਿਸਬੇਨ (ਬਿਊਰੋ) ਸੂਬਾ ਕੂਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਦੇ ਰੰਨਕੌਰਨ ਇਲਾਕੇ (ਦੱਖਣ) ‘ਚ ਲੰਘੀ ਸੋਮਵਾਰ ਰਾਤ ਨੂੰ 40 ਦੇ ਕਰੀਬ ਵਿਅਕਤੀਆਂ ਵਿਚਕਾਰ ਹਥਿਆਰਾਂ ਨਾਲ ਗਹਿ ਗੱਚ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਲੜਾਈ ਵਿੱਚ ਅੱਠ ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਥੇ ਗੌਰਤਲਬ ਹੈ ਕਿ ਇਹਨਾਂ ਪੀੜਤਾਂ ਵਿੱਚ ਇੱਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ। 

ਸਥਾਨਕ ਪੁਲਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੋਮਵਾਰ ਰਾਤ 10.30 ਵਜੇ ਦੇ ਕਰੀਬ ਡਾਅ ਰੋਡ ਸਥਿੱਤ ਘਟਨਾ ਸਥਲ ‘ਤੇ ਬੁਲਾਇਆ ਗਿਆ ਸੀ। ਜਿੱਥੇ ਪੁਲਸ ਨੇ 36 ਸਾਲਾ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ, ਜਦੋਂ ਉਹ ਪੈਰਾ ਮੈਡੀਕਲ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਉਸ ਦੇ ਹੱਥ, ਗਰਦਨ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਪੁਲਸ ਅਨੁਸਾਰ ਸੂਹੀਆ ਕੁੱਤਿਆਂ ਦੀ ਮਦਦ ਨਾਲ ਤਕਰੀਬਨ 22 ਤੋਂ 38 ਸਾਲ ਦੀ ਉਮਰ ਦੇ ਸੱਤ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਘਟਨਾ ਸਥਲ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਸਨ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਮਾਝਾ ਯੂਥ ਕਲੱਬ ਦੀ ਅਗਵਾਈ ਹੇਠ ਕਿਸਾਨਾਂ ਦੀ ਹਮਾਇਤ 'ਚ ਰੋਸ ਮੁਜ਼ਾਹਰਾ

ਮੁੱਢਲੀ ਜਾਂਚ ਉਪਰੰਤ ਸਾਰੇ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਜਾਂਚ ਜਾਰੀ ਹੈ। ਇਸ ਇਲਾਕੇ ਦੇ ਇਕ ਸਥਾਨਕ ਨਿਵਾਸੀ ਕਰੈਗ ਮੇਰਵੁੱਡ ਨੇ ਮੀਡੀਆ ਨੂੰ ਦੱਸਿਆ,“ਉਹ ਇੱਥੇ ਇੱਕ ਦੂਜੇ ਨੂੰ ਮਾਰਨ ਆਏ ਸਨ।” ਪੁਲਸ ਪ੍ਰਸ਼ਾਸਨ ਦੀ ਸਥਾਨਕ ਲੋਕਾਂ ਨੂੰ ਅਪੀਲ ਹੈ ਕਿ ਲੜਾਈ ਬਾਰੇ ਕੋਈ ਵੀ ਜਾਣਕਾਰੀ ਹੋਵੇ ਜਾਂ ਲੜਾਈ 'ਚ ਸ਼ਾਮਲ ਲੋਕਾਂ ਦੀ ਪਛਾਣ ਕਰ ਸਕਦਾ ਹੈ, ਉਹ ਅੱਗੇ ਆਉਣ ਅਤੇ ਪੁਲਸ ਨਾਲ ਜਾਣਕਾਰੀ ਸਾਂਝੀ ਕਰਨ। ਦੱਸਣਯੋਗ ਹੈ ਕਿ ਇਸ ਲੜਾਈ ‘ਚ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸਮੁੱਚੇ ਭਾਰਤੀ ਭਾਈਚਾਰੇ ਵਿੱਚ ਭੈਅ ਦਾ ਮਾਹੌਲ ਹੈ।

Vandana

This news is Content Editor Vandana