ਆਸਟ੍ਰੇਲੀਆ : ਬ੍ਰਾਈਬੀ ਆਈਲੈਂਡ ''ਚ ਝਾੜੀਆਂ ਨੂੰ ਲੱਗੀ ਅੱਗ

08/21/2019 3:43:55 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਬ੍ਰਾਈਬੀ ਆਈਲੈਂਡ 'ਤੇ ਪਿਛਲੇ 10 ਦਿਨਾਂ ਤੋਂ ਝਾੜੀਆਂ 'ਚ ਅੱਗ ਲੱਗੀ ਹੈ ਪਰ ਬੀਤੇ ਦਿਨ ਇਹ ਬਹੁਤ ਤੇਜ਼ ਹੋ ਗਈ, ਇਸ ਕਾਰਨ ਨੇੜਲੇ  ਇਲਾਕੇ ਨੂੰ ਖਾਲੀ ਕਰਵਾਇਆ ਗਿਆ। ਟਾਪੂ ਦੇ ਉੱਤਰੀ ਇਲਾਕੇ 'ਚ ਅੱਗ ਫੈਲ ਗਈ ਸੀ ਜੋ ਕਿ ਕੰਟਰੋਲ 'ਚ ਹੀ ਹੈ। ਕੁਈਨਜ਼ਲੈਂਡ ਦੀ ਫਾਇਰ ਅਤੇ ਐਮਰਜੈਂਸੀ ਸਰਵਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਖਤਰੇ ਵਾਲੀ ਗੱਲ ਨਹੀਂ ਹੈ ਪਰ ਫਿਰ ਵੀ ਕਾਫੀ ਧਿਆਨ ਰੱਖਣ ਦੀ ਜ਼ਰੂਰਤ ਹੈ।
ਅੱਗ ਕਾਰਨ ਇਸ ਇਲਾਕੇ 'ਚ ਧੂੰਆਂ ਭਰ ਗਿਆ ਹੈ ਜਿਸ ਕਾਰਨ ਨੇੜਲੇ ਇਲਾਕਿਆਂ 'ਚ ਮਰੀਜ਼ਾਂ ਤੇ ਛੋਟੇ ਬੱਚਿਆਂ ਨੂੰ ਸਾਹ ਸਬੰਧੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਚੰਗਾ ਹੋਵੇਗਾ ਕਿ ਲੋਕ ਆਪਣੇ ਘਰਾਂ 'ਚ ਦਰਵਾਜ਼ੇ ਤੇ ਖਿੜਕੀਆਂ ਬੰਦ ਕਰਕੇ ਰੱਖਣ। ਪੁਲਸ ਨੇ ਅਪੀਲ ਕੀਤੀ ਹੈ ਕਿ ਇਸ ਇਲਾਕੇ 'ਚ ਜਾਣ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਵੀ ਇਸ ਸਥਾਨ ਵੱਲ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਕਿਸੇ ਵੀ ਖਤਰੇ 'ਚ ਫਸ ਸਕਦੇ ਹਨ।

 

ਜ਼ਿਕਰਯੋਗ ਹੈ ਕਿ ਇੱਥੇ 10 ਦਿਨਾਂ ਤੋਂ ਅੱਗ ਲੱਗੀ ਹੋਈ ਸੀ ਪਰ ਹੁਣ ਇਹ ਤੇਜ਼ੀ ਨਾਲ ਅੱਗੇ ਵਧੀ ਜਿਸ ਕਾਰਨ ਇਹ ਇਲਾਕਾ ਖਾਲੀ ਕਰਵਾਉਣਾ ਪਿਆ। ਕੁਈਨਜ਼ਲੈਂਡ ਪਾਰਕ ਅਤੇ ਵਾਈਲਡਲਾਈਫ ਸਰਵਿਸ ਕਰੂ ਵਲੋਂ ਸਥਿਤੀ ਕੰਟਰੋਲ 'ਚ ਕੀਤੀ ਜਾ ਰਹੀ ਹੈ। ਵਾਤਾਵਰਣ ਅਤੇ ਵਿਗਿਆਨ ਦੇ ਡਿਪਾਰਟਮੈਂਟ ਵਲੋਂ ਕਿਹਾ ਗਿਆ ਕਿ ਅੱਗ ਪੂਰਬੀ ਇਲਾਕੇ ਵਲ ਵਧ ਰਹੀ ਹੈ। ਸੁਰੱਖਿਆ ਕਾਰਨਾਂ ਕਰਕੇ ਕੁਈਨਜ਼ਲੈਂਡ ਪੁਲਸ ਸਰਵਿਸ ਨੇ ਕੈਂਪ ਲਗਾ ਲਿਆ ਹੈ ਤਾਂ ਕਿ ਲੋੜ ਪੈਣ 'ਤੇ ਮਦਦ ਕੀਤੀ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਅੱਗ ਬੁਝਾਉਣ ਲਈ ਹੈਲੀਕਾਪਟਰ ਦੀ ਲੋੜ ਪਵੇ ਤਾਂ ਉਹ ਇਸ ਲਈ ਤਿਆਰ ਹਨ।