ਬ੍ਰੈਗਜ਼ਿਟ ਦੇ ਫੈਸਲੇ ਤੋਂ ਬਾਅਦ ਬਿ੍ਟੇਨ ਦੀ ਅਰਥਵਿਵਸਥਾ 'ਤੇ ਦਿਸਣ ਲੱਗਾ ਅਸਰ

06/23/2018 10:18:36 PM

ਲੰਡਨ— ਬ੍ਰਿਟੇਨ ਦੇ ਪੂਰੀ ਤਰ੍ਹਾਂ ਨਾਲ ਯੂਰਪੀ ਸੰਘ ਤੋਂ ਬਾਹਰ ਹੋਣ ਤੋਂ ਬਾਅਦ ਉਸ ਦੀ ਕੀ ਸਥਿਤੀ ਹੋਵੇਗੀ ਇਹ ਅਜੇ ਸਪੱਸ਼ਟ ਨਹੀਂ ਹੈ ਪਰ ਬ੍ਰਿਟੇਨ ਦੇ ਈਯੂ ਤੋਂ ਬਾਹਰ ਹੋਣ ਦੇ ਫੈਸਲੇ ਦਾ ਅਸਰ ਉਸ ਦੀ ਅਰਥਵਿਵਸਥਾ 'ਤੇ ਦਿਸਣ ਲੱਗ ਗਿਆ ਹੈ। ਬ੍ਰਿਟੇਨ ਦੇ ਘਰ-ਪਰਿਵਾਰ ਗਰੀਬ ਹੋ ਰਹੇ ਹਨ, ਕੰਪਨੀਆਂ ਨਿਵੇਸ਼ ਨੂੰ ਲੈ ਕੇ ਜ਼ਿਆਦਾ ਸਾਵਧਾਨੀ ਵਰਤ ਰਹੀਆਂ ਹਨ ਤੇ ਪ੍ਰਾਪਰਟੀ ਬਜ਼ਾਰ ਠੰਡਾ ਪੈ ਗਿਆ ਹੈ।
ਈਯੂ ਤੋਂ ਬਾਹਰ ਹੋਣ ਦੇ ਪੱਖ 'ਚ ਹੋਏ ਮਤਦਾਨ ਤੋਂ ਬਾਅਦ ਪਿਛਲੇ ਦੋ ਸਾਲਾਂ 'ਚ ਬ੍ਰਿਟੇਨ ਦੇ ਆਰਥਿਕ ਵਾਧੇ ਦੀ ਰਫਤਾਰ ਧੀਮੀ ਪਈ ਹੈ, ਜਦਕਿ ਬ੍ਰਿਟੇਨ ਦੁਨੀਆਭਰ ਦੀ ਅਰਥਵਿਵਸਥਾਵਾਂ ਦੇ ਲਈ ਮੋਹਰੀ ਹੋਇਆ ਕਰਦਾ ਸੀ। ਬ੍ਰਿਟੇਨ 29 ਮਾਰਚ 2019 ਨੂੰ ਈਯੂ ਤੋਂ ਅਧਿਕਾਰਿਕ ਰੂਪ ਨਾਲ ਵੱਖ ਹੋ ਜਾਵੇਗਾ। ਈਯੂ ਨਾਲ ਰਿਸ਼ਤਾ ਟੁੱਟ ਜਾਣ ਤੋਂ ਬਾਅਦ ਉਸ ਦੇ ਨਾਲ ਬ੍ਰਿਟੇਨ ਦਾ ਕਿਸ ਤਰ੍ਹਾਂ ਦਾ ਸਬੰਧ ਹੋਵੇਗਾ ਇਸ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਨਾਲ ਚੀਜ਼ਾਂ ਹੋਰ ਜ਼ਿਆਦਾ ਵਿਗੜ ਰਹੀਆਂ ਹਨ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਸਰਕਾਰ ਅਜੇ ਵੀ ਯੂਰਪੀ ਸੰਘ ਦੇ ਨਾਲ ਕਿਵੇਂ ਦੇ ਸਬੰਧ ਹੋਣੇ ਚਾਹੀਦੇ ਹਨ, ਇਸ 'ਤੇ ਦੋ-ਫਾੜ ਦਿਖਾਈ ਦੇ ਰਹੀ ਹੈ। ਕੁਝ ਲੋਕ ਯੂਰਪੀ ਸੰਘ ਦੇ ਨਾਲ ਸਖਤ ਸਬੰਧ-ਵਿਭਾਜਨ ਦੇ ਪੱਖ 'ਚ ਹਨ, ਜੋ ਕਿ ਬ੍ਰਿਟੇਨ ਨੂੰ ਯੂਰਪੀ ਸੰਘ ਦੇ ਮੁਕਤ ਵਪਾਰ ਸੰਘ ਤੋਂ ਪੂਰੀ ਤਰ੍ਹਾਂ ਨਾਲ ਵੱਖ ਕਰ ਦੇਵੇਗਾ ਤੇ ਦੁਨੀਆਭਰ 'ਚ ਉਸ ਨੂੰ ਦੇਸ਼ਾਂ ਦੇ ਨਾਲ ਨਵੇਂ ਵਪਾਰਕ ਸਮਝੌਤੇ ਕਰਨ ਦੀ ਆਰਥਿਤ ਆਜ਼ਾਦੀ ਦੇਵੇਗਾ।
ਦੂਜੇ ਪਾਸੇ ਕੁਝ ਲੋਕ ਇਸ ਪੱਖ 'ਚ ਹਨ ਕਿ ਬ੍ਰਿਟੇਨ ਨੂੰ ਜਿੰਨਾਂ ਸੰਭਵ ਹੋ ਸਕੇ ਯੂਰਪੀ ਸੰਘ ਦੇ ਨਾਲ ਕਰੀਬੀ ਸਬੰਧ ਰੱਖਣੇ ਚਾਹੀਦੇ ਹਨ। ਇਸ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਬ੍ਰਿਟੇਨ ਨੂੰ ਈਯੂ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਥੇ ਦੂਜੇ ਪਾਸੇ ਏਅਰਬੱਸ ਸਣੇ ਵੱਡੀਆਂ ਕੰਪਨੀਆਂ ਨੇ ਵਪਾਰਕ ਸਬੰਧਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋਣ ਦੇ ਚੱਲਦੇ ਦੇਸ਼ ਛੱਡ ਦੇਣ ਦੀ ਧਮਕੀ ਦਿੱਤੀ ਹੈ। ਇਸ ਕੰਪਨੀ 'ਚ ਬ੍ਰਿਟੇਨ ਦੇ 14,000 ਲੋਕ ਕੰਮ ਕਰਦੇ ਹਨ। ਸੰਸਦ ਮੈਂਬਰ ਡੈਰੇਨ ਜੋਨਸ ਨੇ ਕਿਹਾ ਕਿ ਬ੍ਰੈਗਜ਼ਿਟ ਗੱਲਬਾਤ ਦੇ ਮਾਮਲੇ 'ਚ ਸਰਕਾਰ ਨੇ ਜਿਸ ਤਰ੍ਹਾਂ ਦੀ ਅਨਿਸ਼ਚਿਤ ਸਥਿਤੀ ਬਣਾਈ ਹੈ, ਉਸ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਨੌਕਰੀ 'ਤੇ ਖਤਰਾ ਪੈਦਾ ਹੋ ਗਿਆ ਹੈ।
ਜੂਨ 2016 ਦੀ ਰਾਇਸ਼ੁਮਾਰੀ ਤੋਂ ਪਹਿਲਾਂ ਬ੍ਰਿਟੇਨ ਦੀ ਅਰਥਵਿਵਸਥਾ ਸਾਲਾਂ ਤੱਕ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਉਦਯੋਗਿਕ ਅਰਥਵਿਵਸਥਾਵਾਂ 'ਚੋਂ ਇਕ ਸੀ। ਹੁਣ ਇਸ 'ਚ ਬਹੁਤ ਮੁਸ਼ਕਲ ਨਾਲ ਵਾਧਾ ਹੋ ਰਿਹਾ ਹੈ। ਇਸ ਸਾਲ ਦੀ ਪਹਿਲੀ ਤਿਮਾਹੀ 'ਚ ਅਰਥਵਿਵਸਥਾ ਇਸ ਦੀ ਪਿਛਲੀ ਤਿਮਾਹੀ ਤੋਂ ਸਿਰਫ 0.1 ਫੀਸਦੀ ਵਧੀ ਹੈ। ਇਹ ਪਿਛਲੇ 5 ਸਾਲਾਂ ਦੀ ਸਭ ਤੋਂ ਘੱਟ ਦਰ ਹੈ।