ਬ੍ਰੈਗਜ਼ਿਟ ਦੀ ਮਹੱਤਵਪੂਰਣ ਵੋਟਿੰਗ ਬ੍ਰਿਟੇਨ ਦੀ ਪੀ.ਐੱਮ. ਦੇ ਪੱਖ ''ਚ ਰਹੀ

07/18/2018 12:14:51 PM

ਲੰਡਨ (ਭਾਸ਼ਾ)— ਯੂਰਪੀ ਯੂਨੀਅਨ ਨੂੰ ਛੱਡਣ ਦੀ ਰਣਨੀਤੀ ਨੂੰ ਲੈ ਕੇ ਆਪਣੀ ਵੰਡੀ ਹੋਈ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਸੰਸਦ ਵਿਚ ਇਕ ਹੋਰ ਮਹੱਤਵਪੂਰਣ ਬ੍ਰੈਗਜ਼ਿਟ ਵੋਟਿੰਗ ਨੂੰ ਆਪਣੇ ਪੱਖ ਵਿਚ ਕਰਨ ਵਿਚ ਸਫਲ ਰਹੀ। ਪਾਰਟੀ ਦੇ ਹੀ ਸੰਸਦ ਮੈਂਬਰਾਂ ਨੇ ਭਵਿੱਖ ਦੇ ਵਪਾਰ ਨੀਤੀ ਬਿੱਲ ਵਿਚ ਸੋਧ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਕੰਜ਼ਰਵੇਟਿਵ ਸਰਕਾਰ ਕੱਲ ਡੇਗਣ ਵਿਚ ਸਫਲ ਰਹੀ। ਜੇ ਸੋਧ ਪਾਸ ਹੋ ਜਾਂਦੀ ਤਾਂ ਇਸ ਨਾਲ ਮੇਅ ਦੀ ਬ੍ਰੈਗਜ਼ਿਟ ਰਣਨੀਤੀ ਲੜਖੜਾ ਜਾਂਦੀ ਅਤੇ ਖੁਦ ਉਸ 'ਤੇ ਦਬਾਅ ਵੱਧ ਜਾਂਦਾ। ਜਾਣਕਾਰੀ ਮੁਤਾਬਕ ਸੱਤਾ ਪੱਖ ਦੇ ਇਕ ਦਰਜਨ ਸੰਸਦ ਮੈਂਬਰਾਂ ਨੇ ਵਿਦਰੋਹ ਕਰਦਿਆਂ ਸੋਧ ਪੇਸ਼ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਪਾਰਟੀ ਸੰਸਦ ਮੈਂਬਰਾਂ ਦੇ ਇਸ ਕਦਮ ਨਾਲ ਪ੍ਰਧਾਨ ਮੰਤਰੀ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਦਾ ਖਦਸ਼ਾ ਪੈਦਾ ਹੋ ਗਿਆ ਸੀ, ਜੋ 301 ਦੇ ਮੁਕਾਬਲੇ 307 ਵੋਟਾਂ ਨਾਲ ਸੋਧ ਡਿੱਗਣ ਕਾਰਨ ਖਤਮ ਹੋ ਗਿਆ।