ਚਮਤਕਾਰ! ਬਿਜਲੀ ਡਿੱਗਣ ਮਗਰੋਂ ਇਕ ਘੰਟੇ ਤੱਕ ਨਹੀਂ ਚੱਲੇ ਸੀ ਸਾਹ, ਹੁਣ ਮੁੜ ਮਿਲੀ ਨਵੀਂ ਜ਼ਿੰਦਗੀ

11/17/2022 6:15:53 PM

ਇੰਟਰਨੈਸ਼ਨਲ ਡੈਸਕ (ਬਿਊਰੋ) ਅਮਰੀਕਾ ਦੇ ਟੈਕਸਾਸ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਿਜਲੀ ਡਿੱਗਣ ਕਾਰਨ ਇਕ ਸ਼ਖ਼ਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਇਕ ਘੰਟੇ ਤੱਕ ਉਸ ਦਾ ਸਾਹ ਰੁਕ ਗਿਆ ਸੀ। ਪਰਿਵਾਰ ਨੇ ਸਵੀਕਾਰ ਕਰ ਲਿਆ ਸੀ ਕਿ ਉਹ ਹੁਣ ਜ਼ਿੰਦਾ ਨਹੀਂ ਹੈ। ਇੰਨਾ ਹੀ ਨਹੀਂ ਡਾਕਟਰਾਂ ਨੇ ਵੀ ਉਸ ਨੂੰ ਕਲੀਨਿਕੀ ਤੌਰ 'ਤੇ ਮ੍ਰਿਤਕ ਮੰਨ ਲਿਆ ਸੀ। ਪਰ ਹੁਣ ਇਹ ਸ਼ਖਸ ਨਾ ਸਿਰਫ ਜ਼ਿੰਦਾ ਹੈ ਸਗੋਂ ਆਪਣੇ ਦਮ 'ਤੇ ਚੱਲ ਰਿਹਾ ਹੈ। ਇਹ ਘਟਨਾ ਸਾਲ 2020 ਦੀ ਹੈ। ਉਸ ਸਮੇਂ ਇਹ ਸ਼ਖ਼ਸ ਫਲੋਰੀਡਾ ਦੇ ਬੀਚ 'ਤੇ ਆਪਣੇ ਪਰਿਵਾਰ ਨਾਲ ਸੀ।

ਨਿਊਯਾਰਕ ਪੋਸਟ ਨਾਲ ਗੱਲ ਕਰਦੇ ਹੋਏ ਜੈਕਬ ਬਰੂਅਰ ਦੀ ਮਾਂ ਬਾਰਬਰਾ ਬਰੂਅਰ ਨੇ ਦੱਸਿਆ ਕਿ ਅਚਾਨਕ ਤੂਫਾਨ ਆਉਣਾ ਸ਼ੁਰੂ ਹੋ ਗਿਆ ਅਤੇ ਅਸੀਂ ਆਪਣਾ ਸਾਮਾਨ ਬੰਨ੍ਹ ਕੇ ਤੁਰਨ ਦੀ ਤਿਆਰੀ ਵਿਚ ਸੀ। ਅਚਾਨਕ ਆਕਾਸ਼ੀ ਬਿਜਲੀ ਜੈਕਬ ਦੀ ਛਾਤੀ 'ਤੇ ਡਿੱਗੀ। ਪਹਿਲਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਅਸਲ ਵਿਚ ਕੀ ਹੋਇਆ ਸੀ, ਇਹ ਇੱਕ ਧਮਾਕੇ ਵਾਂਗ ਮਹਿਸੂਸ ਹੋਇਆ। ਮੈਂ ਸਮਝ ਨਹੀਂ ਪਾ ਰਹੀ ਸੀ।

ਮੂੰਹ 'ਚੋਂ ਨਿਕਲ ਰਹੀ ਸੀ ਝੱਗ

ਉਸ ਨੇ ਅੱਗੇ ਦੱਸਿਆ 'ਮੈਂ ਦੇਖਿਆ ਕਿ ਜੈਕਬ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਮੈਨੂੰ ਪਤਾ ਸੀ ਕਿ ਉਸ ਨੂੰ ਸੀਪੀਆਰ ਦੀ ਲੋੜ ਹੈ ਅਤੇ ਮੈਂ ਇਹ ਆਪਣੇ ਆਪ ਨਹੀਂ ਕਰ ਸਕਦੀ ਸੀ। ਤੂਫਾਨ ਭਿਆਨਕ ਸੀ। ਅਸੀਂ ਬੀਚ 'ਤੇ ਨਹੀਂ ਰਹਿ ਸਕਦੇ ਸੀ, ਸਾਨੂੰ ਜੈਕਬ ਨੂੰ ਬੀਚ ਤੋਂ ਤੁਰੰਤ ਸੁਰੱਖਿਅਤ ਜਗ੍ਹਾ 'ਤੇ ਲਿਜਾਣਾ ਪਿਆ। ਇਸ ਦੌਰਾਨ ਮੈਂ ਬਸ ਇਹੀ ਸੋਚ ਰਹੀ ਸੀ ਕਿ ਸ਼ਾਇਦ ਮੈਂ ਆਪਣੇ ਪੁੱਤਰ ਨੂੰ ਗੁਆਉਣ ਜਾ ਰਹੀ ਹਾਂ।

ਵੈਂਟੀਲੇਟਰ 'ਤੇ ਪਾਇਆ ਗਿਆ

ਅਖ਼ਬਾਰ ਮੁਤਾਬਕ 10 ਤੋਂ 15 ਮਿੰਟ ਬਾਅਦ ਇਕ ਐਂਬੂਲੈਂਸ ਆਈ ਅਤੇ ਜੈਕਬ ਨੂੰ ਲੈ ਗਈ। ਉਹ ਸਾਹ ਨਹੀਂ ਲੈ ਰਿਹਾ ਸੀ। ਹਸਪਤਾਲ ਵਿੱਚ ਉਸ ਨੂੰ ਮੁੜ ਜ਼ਿੰਦ ਕਰਨ ਵਿਚ ਡਾਕਟਰਾਂ ਨੂੰ 45 ਮਿੰਟ ਤੋਂ ਲੈ ਕੇ ਇੱਕ ਘੰਟਾ ਲੱਗਿਆ ਅਤੇ ਉਸ ਨੂੰ ਟੈਂਪਾ ਜਨਰਲ ਹਸਪਤਾਲ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਦੋ ਹਫ਼ਤਿਆਂ ਦੀ ਆਈਸੀਯੂ ਦੇਖਭਾਲ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਫੋਰਟ ਵਰਥ, ਟੈਕਸਾਸ ਵਿੱਚ ਕੁੱਕ ਚਿਲਡਰਨ ਹਸਪਤਾਲ ਵਿੱਚ ਟਰਾਂਸਫਰ ਕਰਨ ਲਈ ਕਾਫ਼ੀ ਸਥਿਰ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਤਾਲਾਬੰਦੀ ਨੇ ਲਈ 4 ਮਹੀਨੇ ਦੀ ਬੱਚੀ ਦੀ ਜਾਨ, ਲੋਕਾਂ 'ਚ ਭਾਰੀ ਰੋਸ

ਕੱਟਣੇ ਪਏ ਹੱਥ ਅਤੇ ਪੈਰ 

ਜੈਕਬ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਬਚਾਉਣ ਲਈ ਡਾਕਟਰਾਂ ਨੂੰ ਉਸ ਦੀ ਕੂਹਣੀ ਅਤੇ ਗੋਡਿਆਂ ਤੱਕ ਦੀਆਂ ਬਾਹਾਂ ਅਤੇ ਲੱਤਾਂ ਨੂੰ  ਕੱਟਣਾ ਪਿਆ ਕਿਉਂਕਿ ਉਹ ਬਿਜਲੀ ਦੇ ਝਟਕੇ ਨਾਲ ਬੁਰੀ ਤਰ੍ਹਾਂ ਸੁੱਜ ਗਏ ਸਨ। ਬਦਕਿਸਮਤੀ ਨਾਲ ਜੈਕਬ ਦੀ ਹਾਲਤ ਤੇਜ਼ੀ ਨਾਲ ਵਿਗੜਨ ਲੱਗੀ। ਬਿਜਲੀ ਡਿੱਗਣ ਦੇ ਨਤੀਜੇ ਵਜੋਂ ਉਸਨੂੰ ਰੀੜ੍ਹ ਦੀ ਹੱਡੀ ਦੀ ਸੱਟ ਅਤੇ ਸਟ੍ਰੋਕ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸਨੂੰ ਸ਼ਿਕਾਗੋ ਦੇ ਇੱਕ ਹਸਪਤਾਲ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ।

ਪਰਿਵਾਰ ਨੇ ਨਹੀਂ ਹਾਰੀ ਹਿੰਮਤ 

ਉਹਨਾਂ ਨੇ ਕਿਹਾ ਕਿ ਸਾਨੂੰ ਅਹਿਸਾਸ ਹੋਇਆ ਕਿ ਉਹ ਕਦੇ ਵੀ ਨਾ ਸਿਰਫ਼ ਆਪਣੀਆਂ ਲੱਤਾਂ ਦੀ ਵਰਤੋਂ ਕਰ ਸਕੇਗਾ, ਸਗੋਂ ਉਹ ਆਪਣੇ ਬਲੈਡਰ ਜਾਂ ਅੰਤੜੀਆਂ ਨੂੰ ਵੀ ਕਾਬੂ ਨਹੀਂ ਕਰ ਪਾਵੇਗਾ। ਉਹ ਪੂਰੀ ਤਰ੍ਹਾਂ ਨਾਲ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ।ਕੈਨੇਡੀ ਨਿਊਜ਼ ਮੁਤਾਬਕ ਜੈਕਬ ਦੇ ਪਰਿਵਾਰ ਨੇ ਕਈ ਵੱਡੇ ਮਾਹਿਰਾਂ ਨਾਲ ਸੰਪਰਕ ਕੀਤਾ ਅਤੇ ਹੁਣ ਉਹ ਆਪ ਹੀ ਤੁਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana