ਨਾਸ਼ਤੇ 'ਚ ਦੁੱਧ ਪੀਣ ਨਾਲ ਖੂਨ 'ਚ ਸ਼ੂਗਰ ਦਾ ਪੱਧਰ ਰਹਿੰਦਾ ਹੈ ਕੰਟਰੋਲ 'ਚ : ਸ਼ੋਧ

08/20/2018 5:50:55 PM

ਟੋਰਾਂਟੋ (ਭਾਸ਼ਾ)— ਨਾਸ਼ਤੇ ਵਿਚ ਉੱਚ ਪ੍ਰੋਟੀਨ ਵਾਲਾ ਦੁੱਧ ਪੀਣ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਖੂਨ 'ਚ ਗਲੂਕੋਜ਼ ਨੂੰ ਕੰਟਰੋਲ 'ਚ ਰੱਖਣ ਵਿਚ ਮਦਦ ਮਿਲਦੀ ਹੈ। ਇਹ ਗੱਲ ਕੈਨੇਡਾ ਦੀ ਯੂਨੀਵਰਸਿਟੀ ਆਫ ਗੁਵੇਲਫ ਅਤੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਖੋਜਕਰਤਾਵਾਂ ਨੇ ਆਖੀ ਹੈ। ਉਨ੍ਹਾਂ ਦੱਸਿਆ ਕਿ ਨਾਸ਼ਤੇ ਵਿਚ ਬਦਲਾਅ ਜ਼ਰੀਏ ਟਾਈਪ-2 ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ।


ਸ਼ੋਧ ਦੇ ਨਤੀਜਿਆਂ ਮੁਤਾਬਕ ਨਾਸ਼ਤੇ ਦੌਰਾਨ ਲਏ ਗਏ ਦੁੱਧ ਨਾਲ ਖੂਨ ਵਿਚ ਗਲੂਕੋਜ਼ ਦੀ ਮਾਤਰਾ ਵਿਚ ਕਮੀ ਆਉਂਦੀ ਹੈ। ਇਸ ਵਿਚ ਨਾਲ ਹੀ ਕਿਹਾ ਗਿਆ ਕਿ ਉੱਚ ਪ੍ਰੋਟੀਨ ਵਾਲਾ ਦੁੱਧ ਆਮ ਪ੍ਰੋਟੀਨ ਵਾਲੇ ਡੇਅਰੀ ਉਤਪਾਦਾਂ ਦੀ ਤੁਲਨਾ 'ਚ ਖਾਣੇ ਤੋਂ ਬਾਅਦ ਗਲੂਕੋਜ਼ ਦੀ ਮਾਤਰਾ ਵਿਚ ਕਮੀ ਲਿਆਉਣ ਵਿਚ ਸਹਾਇਕ ਸਿੱਧ ਹੁੰਦਾ ਹੈ। 'ਜਰਨਲ ਆਫ ਡੇਅਰੀ ਸਾਇੰਸ' ਵਿਚ ਪ੍ਰਕਾਸ਼ਤ ਅਧਿਐਨ ਨਾਸ਼ਤੇ ਦੇ ਸਮੇਂ ਦੁੱਧ ਪੀਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਇਸ ਨਾਲ ਕਾਰਬੋਹਾਈਡ੍ਰੇਟ ਦਾ ਪਾਚਨ ਹੌਲੀ-ਹੌਲੀ ਹੁੰਦਾ ਹੈ ਅਤੇ ਇਸ ਨਾਲ ਖੂਨ ਵਿਚ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਮਾਹਰ ਹਮੇਸ਼ਾ ਤੋਂ ਪੋਸ਼ਕ ਤੱਤਾਂ ਨਾਲ ਭਰਪੂਰ ਨਾਸ਼ਤੇ ਦੀ ਹਿਮਾਇਤ ਕਰਦੇ ਰਹੇ ਹਨ ਅਤੇ ਇਹ ਅਧਿਐਨ ਨਾਸ਼ਤੇ ਵਿਚ ਦੁੱਧ ਨੂੰ ਵੀ ਸ਼ਾਮਲ ਕਰਨ ਨੂੰ ਪਹਿਲ ਦਿੰਦਾ ਹੈ।