ਬ੍ਰਾਜ਼ੀਲ : ਹਸਪਤਾਲ ''ਚ ਲੱਗੀ ਅੱਗ ਦਾ ਕਾਰਨ ਆਇਆ ਸਾਹਮਣੇ

09/15/2019 11:21:50 AM

ਰੀਓ ਡੀ ਜਨੇਰੀਓ— ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਸ਼ਹਿਰ ਦੇ ਹਸਪਤਾਲ 'ਚ ਲੱਗੀ ਭਿਆਨਕ ਅੱਗ ਦੇ ਕਾਰਨ ਬਾਰੇ ਪਤਾ ਲੱਗ ਗਿਆ ਹੈ। ਜਾਣਕਾਰੀ ਮੁਤਾਬਕ ਇੱਥੇ ਜਨਰੇਟਰ 'ਚ ਧਮਾਕਾ ਹੋਣ ਕਾਰਨ ਅੱਗ ਲੱਗ ਗਈ ਸੀ ਅਤੇ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਸ਼ੁਰੂਆਤੀ ਜਾਂਚ  ਨਾਲ ਇਸ ਨਤੀਜੇ 'ਤੇ ਪੁੱਜੇ ਹਨ। ਬੈਡਿਮ ਹਸਪਤਾਲ ਦੇ ਗ੍ਰਾਊਂਡ ਫਲੌਰ 'ਤੇ ਪਾਣੀ ਜਮ੍ਹਾ ਹੋਣ ਕਾਰਨ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਉੱਥੇ ਪੁੱਜਣ 'ਚ ਕਾਫੀ ਮੁਸ਼ਕਲਾਂ ਆਈਆਂ।

ਪੁਲਸ ਅਧਿਕਾਰੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਨਰੇਟਰ ਫੇਲ ਕਿਵੇਂ ਹੋਇਆ। ਹਸਪਤਾਲ 'ਚ ਅੱਗ ਵੀਰਵਾਰ ਰਾਤ ਨੂੰ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੀ ਇਮਾਰਤ 'ਚ ਫੈਲ ਗਈ। ਹਸਪਤਾਲ ਕਰਮਚਾਰੀਆਂ ਨੂੰ ਮਰੀਜ਼ਾਂ ਨੂੰ ਸਟ੍ਰੈਚਰ 'ਤੇ ਬਾਹਰ ਸੜਕਾਂ 'ਤੇ ਲਿਆਉਣਾ ਪਿਆ। ਘਟਨਾ 'ਚ ਮਾਰੇ ਗਏ ਲੋਕਾਂ 'ਚੋਂ ਵਧੇਰੇ ਬਜ਼ੁਰਗ ਹਨ। ਜ਼ਿਆਦਾਤਰ ਪੀੜਤਾਂ ਦੀ ਸਾਹ ਘੁੱਟ ਹੋਣ ਕਾਰਨ ਮੌਤ ਹੋ ਗਈ ਕਿਉਂਕਿ ਵਾਰਡਾਂ 'ਚ ਬਹੁਤ ਜ਼ਿਆਦਾ ਧੂੰਆਂ ਭਰ ਗਿਆ ਸੀ। ਅੱਗ ਲੱਗਣ ਕਾਰਨ ਲਾਈਫ ਸਪੋਰਟ ਸਿਸਟਮ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ, ਇਸ ਕਾਰਨ ਵੀ ਕੁਝ ਲੋਕਾਂ ਦੀ ਮੌਤ ਹੋ ਗਈ।