ਬ੍ਰਾਜ਼ੀਲ : 4 ਜੇਲਾਂ 'ਚ ਹੋਈ ਹਿੰਸਾ 'ਚ 40 ਲੋਕਾਂ ਦੀ ਮੌਤ

05/28/2019 11:20:51 AM

ਬ੍ਰਾਸੀਲੀਆ (ਭਾਸ਼ਾ)— ਉੱਤਰੀ ਬ੍ਰਾਜ਼ੀਲ ਦੀਆਂ ਚਾਰ ਜੇਲਾਂ ਵਿਚ ਹੋਈ ਹਿੰਸਾ ਵਿਚ ਕਰੀਬ 40 ਕੈਦੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਹੀ ਇਕ ਜੇਲ ਵਿਚ ਹੋਈ ਹਿੰਸਾ ਵਿਚ 15 ਲੋਕਾਂ ਦੀ ਮੌਤ ਹੋ ਗਈ ਸੀ। ਐਮੇਜੋਨਸ ਰਾਜ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੀੜਤਾਂ ਦੀ ਮੌਤ ਸਾਹ ਘੁਟਣ ਕਾਰਨ ਹੋਈ। ਅਧਿਕਾਰੀਆਂ ਨੇ ਪਹਿਲਾਂ ਮ੍ਰਿਤਕਾਂ ਦੀ ਗਿਣਤੀ 42 ਦੱਸੀ ਸੀ ਪਰ ਬਾਅਦ ਵਿਚ ਇਸ ਨੂੰ ਸੋਧ ਕੇ 40 ਕਰ ਦਿੱਤਾ। 

ਮਾਰੇ ਗਏ ਕੈਦੀਆਂ ਵਿਚ ਘੱਟੋ-ਘੱਟ 25 ਕੈਦੀ ਐਮੇਜੋਨਸ ਰਾਜ ਦੀ ਰਾਜਧਾਨੀ ਮਨੌਸ ਨੇੜੇ ਐਂਟੋਨਿਓ ਤ੍ਰਿਨਿਦਾਦ ਪੈਨਲ ਇੰਸਟੀਚਿਊਟ ਵਿਚ ਸਨ ਜਿੱਥੇ ਇਹ ਚਾਰੇ ਜੇਲਾਂ ਸਥਿਤ ਹਨ। ਜੇਲ ਅਧਿਕਾਰੀਆਂ ਨੇ ਦੱਸਿਆ ਕਿ ਹੱਤਿਆ ਵਿਚ ਕਿਸੇ ਬੰਦੂਕ ਜਾਂ ਚਾਕੂ ਦੀ ਵਰਤੋਂ ਨਹੀਂ ਕੀਤੀ ਗਈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ 'ਹਿੰਸਾ' ਉਨ੍ਹਾਂ ਕੈਦੀਆਂ ਵਿਚ ਝਗੜੇ ਦਾ ਕਾਰਨ ਬਣੀ ਜੋ ਇਕ ਹੀ ਅਪਰਾਧਿਕ ਸਮੂਹ ਦੇ ਸਨ ਅਤੇ ਰਾਜ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਸਨ।

ਫੈਡਰਲ ਸਰਕਾਰ ਨੇ ਦੱਸਿਆ ਕਿ ਉਹ ਰਾਜ ਦੀਆਂ ਜੇਲਾਂ ਵਿਚ ਸੁਰੱਖਿਆ ਸਖਤ ਕਰਨ ਲਈ ਵਾਧੂ ਬਲਾਂ ਨੂੰ ਭੇਜ ਰਹੀ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਬ੍ਰਾਜ਼ੀਲ ਕੈਦੀਆਂ ਦੀ ਗਿਣਤੀ ਦੇ ਮਾਮਲੇ ਵਿਸ਼ਵ ਵਿਚ ਤੀਜੇ ਨੰਬਰ 'ਤੇ ਹੈ ਅਤੇ ਜੂਨ 2016 ਤੱਕ ਇੱਥੇ 7,26,712 ਕੈਦੀ ਸਨ। ਇਹ ਗਿਣਤੀ ਉਸ ਦੀਆਂ ਜੇਲਾਂ ਦੀ ਸਮਰੱਥਾ ਤੋਂ ਦੁਗਣੀ ਹੈ। ਉਸੇ ਸਾਲ ਦੇਸ਼ ਵਿਚ ਜੇਲਾਂ ਦੀ ਸਮਰੱਥਾ 3,68,049 ਕੈਦੀਆਂ ਦੀ ਸੀ।

Vandana

This news is Content Editor Vandana