ਬ੍ਰਾਜ਼ੀਲ : ਗੋਲੀਬਾਰੀ ''ਚ ਮਾਰੀ ਗਈ 8 ਸਾਲਾ ਬੱਚੀ ਨੂੰ ਦਫਨਾਇਆ ਗਿਆ

09/23/2019 11:49:21 AM

ਬ੍ਰਾਸੀਲੀਆ (ਭਾਸ਼ਾ)— ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਦੀ ਝੁੱਗੀ ਬਸਤੀ ਇਲਾਕੇ ਵਿਚ ਗੋਲੀ ਲੱਗਣ ਕਾਰਨ ਮਾਰੀ ਗਈ 8 ਸਾਲਾ ਬੱਚੀ ਨੂੰ ਐਤਵਾਰ ਨੂੰ ਦਫਨਾ ਦਿੱਤਾ ਗਿਆ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਉਸ ਦੀ ਮੌਤ ਪੁਲਸ ਦੀ ਗੋਲੀਬਾਰੀ ਕਾਰਨ ਹੋਈ। 8 ਸਾਲ ਦੀ ਅਗਾਥਾ ਸੇਲਸ ਫੇਲੀਕਸ ਦੇ ਅੰਤਿਮ ਸੰਸਕਾਰ ਵਿਚ ਸੈਂਕੜੇ ਲੋਕ ਸ਼ਾਮਲ ਹੋਏ। ਅਗਾਥਾ ਨੂੰ ਉਸ ਸਮੇਂ ਪਿਛਿਓਂ ਦੀ ਗੋਲੀ ਮਾਰੀ ਗਈ ਸੀ ਜਦੋਂ ਉਹ ਕੌਮਪਲੈਕਸੋ ਡੋ ਐਲੇਮਾਓ ਝੁੱਗੀ ਬਸਤੀ ਵਿਚ ਇਕ ਵੈਨ 'ਚ ਚੜ੍ਹ ਰਹੀ ਸੀ। ਅੰਤਿਮ ਸੰਸਕਾਰ ਦੇ ਦੁਖੀ ਮਾਹੌਲ ਵਿਚ ਕੁਝ ਲੋਕ ਹੱਥਾਂ ਵਿਚ ਤਖਤੀ ਫੜੇ ਹੋਏ ਸਨ, ਜਿਸ 'ਤੇ ਲਿਖਿਆ ਸੀ 'ਸਾਨੂੰ ਮਾਰਨਾ ਬੰਦ ਕਰੋ'।

ਬ੍ਰਾਜ਼ੀਲ ਪੁਲਸ ਦੀ ਵੱਧਦੀ ਸ਼ਕਤੀ ਵਰਤੋਂ ਦੇ ਪ੍ਰਤੀ ਲੋਕਾਂ ਵਿਚ ਗੁੱਸਾ ਹੈ। ਉੱਥੇ ਅਧਿਕਾਰੀਆਂ ਨੇ ਆਪਣੀ ਸਖਤੀ ਦਾ ਇਹ ਕਹਿ ਕੇ ਬਚਾਅ ਕੀਤਾ ਹੈ ਕਿ ਇਸ ਨਾਲ ਹਿੰਸਾ ਅਪਰਾਧਾਂ ਵਿਚ ਕਮੀ ਆਈ ਹੈ। 8 ਸਾਲ ਦੀ ਇਸ ਬੱਚੀ ਦੀ ਹੱਤਿਆ ਨੇ ਲੰਬੇ ਸਮੇਂ ਤੋਂ ਹਿੰਸਾ ਦਾ ਸਾਹਮਣਾ ਕਰ ਰਹੇ ਬ੍ਰਾਜ਼ੀਲ ਦੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਦੇ ਨਿਆਂ ਮੰਤਰੀ ਸਰਜੀਓ ਮੋਰੋ ਨੇ ਕਿਹਾ ਕਿ ਸਰਕਾਰ ਹੱਤਿਆਵਾਂ ਨੂੰ ਰੋਕਣ ਅਤੇ ਅਜਿਹੀ ਘਟਨਾਵਾਂ ਨੂੰ ਦੁਬਾਰਾ ਨਾ ਹੋਣ ਦੇਣ ਲਈ ਸਖਤ ਕੋਸ਼ਿਸ਼ਾਂ ਕਰ ਰਹੀ ਹੈ। 

ਉੱਥੇ ਬ੍ਰਾਜ਼ੀਲ ਦੀ ਉੱਚ ਅਦਾਲਤ ਦੇ ਜੱਜ ਗਿਲਮਰ ਮੇਨਡੇਜ਼ ਨੇ ਟਵਿੱਟਰ 'ਤੇ ਕਿਹਾ ਕਿ ਝੁੱਗੀ ਬਸਤੀ ਵਿਚ ਪੁਲਸ ਦੀ ਅਜਿਹੀ ਕਾਰਵਾਈ ਚਿੰਤਾਜਨਕ ਹੈ। ਉਨ੍ਹਾਂ ਨੇ ਰਾਜਧਾਨੀ ਵਿਚ ਸੁਰੱਖਿਆ ਨੀਤੀਆਂ 'ਤੇ ਸਵਾਲ ਚੁੱਕਿਆ। ਸਥਾਨਕ ਵਸਨੀਕਾਂ ਅਤੇ ਫੈਲੀਕਸ ਦੇ ਪਰਿਵਾਰ ਨੇ ਬੱਚੀ ਦੀ ਮੌਤ ਲਈ ਸਥਾਨਕ ਪੁਲਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਗੋਲੀ ਦੀ ਸਿਰਫ ਇਕ ਆਵਾਜ਼ ਸੁਣੀ ਸੀ। ਇਸ 'ਤੇ ਪੁਲਸ ਅਧਿਕਾਰੀਆਂ ਨੇ ਸਫਾਈ ਦਿੱਤੀ ਕਿ ਉਨ੍ਹਾਂ 'ਤੇ ਕਈ ਪਾਸਿਓਂ ਹਮਲਾ ਹੋਇਆ ਸੀ ਅਤੇ ਉਹ ਜਵਾਬ ਵਿਚ ਗੋਲੀਆਂ ਚਲਾ ਰਹੇ ਸਨ। ਭਾਵੇਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕੀ ਬੱਚੀ ਉਨ੍ਹਾਂ ਦੀ ਹੀ ਗੋਲੀ ਨਾਲ ਮਾਰੀ ਗਈ ਸੀ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।

Vandana

This news is Content Editor Vandana