ਮੈਲਬੌਰਨ ਦੇ ਘਰ ''ਚ ਲੱਗੀ ਅੱਗ, ਬੱਚੇ ਨੇ ਹੁਸ਼ਿਆਰੀ ਨਾਲ ਬਚਾਈ ਪਰਿਵਾਰ ਦੀ ਜਾਨ

12/15/2017 9:51:19 AM

ਸਿਡਨੀ (ਬਿਊਰੋ)— ਮੈਲਬੌਰਨ ਵਿਚ 11 ਸਾਲਾ ਮੁੰਡੇ ਨੇ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲਾ ਕੰਮ ਕੀਤਾ ਹੈ। ਅਸਲ ਵਿਚ ਕੱਲ ਰਾਤ 8 ਵਜੇ ਗ੍ਰੀਨ ਸਟ੍ਰੀਟ ਸਥਿਤ ਕੈਂਬਰਵੈੱਲ ਘਰ ਵਿਚ ਅੱਗ ਲੱਗ ਗਈ ਸੀ। ਮੁੰਡੇ ਨੇ ਆਪਣੀ ਸਮਝ ਅਤੇ ਬਹਾਦੁਰੀ ਨਾਲ ਆਪਣੇ ਪਰਿਵਾਰ ਸਮੇਤ ਆਪਣੇ ਪਾਲਤੂ ਖਰਗੋਸ਼ ਨੂੰ ਸਮੇਂ ਸਿਰ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਆਪਣੇ ਪਰਿਵਾਰ ਦੀ ਜਾਨ ਬਚਾਉਣ ਦੇ ਨਾਲ ਹੀ ਲੜਕੇ ਨੇ ਜਲਦੀ ਨਾਲ ਟ੍ਰਿਪਲ ਜ਼ੀਰੋ 'ਤੇ ਕਾਲ ਕੀਤੀ। ਇਸ ਕਾਲ ਮਗਰੋਂ ਫਾਇਰਫਾਇਟਰਜ਼ ਅਧਿਕਾਰੀ ਜਲਦੀ ਨਾਲ ਮੌਕੇ 'ਤੇ ਪੁੱਜ ਗਏ 'ਤੇ ਅੱਗ ਬੁਝਾਉਣ ਦੀ ਕੋਸ਼ਿਸ ਵਿਚ ਜੱਟ ਗਏ।

ਮੈਟਰੋਪੋਲਟੀਨ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਬ੍ਰਾਇਨ ਮੌਰੀਸਨ ਨੇ ਕਿਹਾ ਕਿ 11 ਸਾਲਾ ਮੁੰਡੇ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਸ ਨੇ ਸਕੂਲੀ ਸਿੱਖਿਆ ਦੌਰਾਨ ਅੱਗ ਲੱਗਣ ਸਮੇਂ ਮੁੱਢਲੀ ਮਦਦ ਦੇਣ ਸੰੰਬੰਧੀ ਸਿੱਖਿਆ ਪ੍ਰਾਪਤ ਕੀਤੀ ਸੀ। ਫਾਇਰਫਾਇਟਰਜ਼ ਅਧਿਕਾਰੀਆਂ ਨੇ ਲੱਗਭਗ 45 ਮਿੰਟ ਦੀ ਮੁਸ਼ਕੱਤ ਮਗਰੋਂ ਅੱਗ 'ਤੇ ਕਾਬੂ ਪਾ ਲਿਆ। ਅੱਗ ਕਾਰਨ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀ ਅਤੇ ਅਧਿਕਾਰੀ ਪਰਿਵਾਰ ਦੀ ਸੁੱਰਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਦੇ ਗੁਆਂਢੀ ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਪੁਲਸ ਘਰ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।