ਕੈਨੇਡਾ ਦੇ ਇਸ ਸੂਬੇ ''ਚ ਸ਼ੁਰੂ ਹੋਈ ਇਹ ਬੱਸ ਸੇਵਾ, ਕਰੇਗੀ 10 ਸ਼ਹਿਰਾਂ ਦਾ ਸਫਰ

06/30/2017 3:45:25 PM

ਟੋਰਾਂਟੋ— ਬਰੈਂਪਟਨ ਨਾਰਥ ਤੋਂ ਪੰਜਾਬੀ ਮੂਲ ਦੀ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ 'ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ' ਤੋਂ ਦੱਖਣੀ ਓਨਟਾਰੀਓ ਦੇ ਦਸ ਸ਼ਹਿਰਾਂ ਤੱਕ ਲਈ 'ਗ੍ਰੇਹਾਊਂਡ ਬੱਸ ਲਾਈਨਜ਼ ਸੇਵਾ' ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ। ਇਹ ਐਲਾਨ ਗ੍ਰੇਟਰ ਟੋਰਾਂਟੋ ਏਅਰਪੋਰਟਸ ਅਥਾਰਟੀ (ਜੀਟੀਏਏ), ਟੂਰਿਜ਼ਮ ਇੰਡਸਟਰੀ ਆਫ ਓਨਟਾਰੀਓ (ਟੀਆਈਏਓ) ਤੇ ਗ੍ਰੇਹਾਊਂਡ ਕੈਨੇਡਾ ਵਿਚਾਲੇ ਹੋਈ ਭਾਈਵਾਲੀ ਸਦਕਾ ਕੀਤਾ ਗਿਆ।
ਇਹ ਐਲਾਨ ਕਰਦਿਆਂ ਐੱਮ.ਪੀ. ਸਹੋਤਾ ਨੇ ਖੁਸ਼ੀ ਪ੍ਰਗਟਾਈ ਕਿ ਹੁਣ ਦੱਖਣੀ ਓਨਟਾਰੀਓ ਵਿੱਚ ਖੇਤਰੀ ਲੋਕਾਂ 'ਚ ਸਾਂਝ ਵਧੇਗੀ। ਦੱਖਣੀ ਓਨਟਾਰੀਓ ਦੇ ਦਸ ਸ਼ਹਿਰਾਂ ਤੱਕ ਸ਼ੁਰੂ ਕੀਤੀ ਜਾਣ ਵਾਲੀ ਇਸ ਸਰਵਿਸ ਨਾਲ ਹੁਣ ਸਥਾਨਕ ਵਾਸੀਆਂ ਲਈ ਟੋਰਾਂਟੋ ਪੀਅਰਸਨ ਰਾਹੀਂ ਪੂਰੀ ਦੁਨੀਆਂ ਨਾਲ ਜੁੜਨ ਦਾ ਮੌਕਾ ਮਿਲੇਗਾ। ਇੱਥੇ ਹੀ ਬੱਸ ਨਹੀਂ ਹੋਰਨਾਂ ਥਾਵਾਂ ਤੋਂ ਆਉਣ ਵਾਲੇ ਸੈਲਾਨੀ ਵੀ ਸੂਬੇ ਭਰ ਦੀਆਂ ਮਨਮੋਹਕ ਥਾਂਵਾਂ ਦਾ ਆਨੰਦ ਮਾਣ ਸਕਣਗੇ।
ਐਮ.ਪੀ. ਸਹੋਤਾ ਨੇ ਕਿਹਾ ਕਿ ਗ੍ਰੇਟਰ ਟੋਰਾਂਟੋ ਏਰੀਆ ਲਈ ਇਹ ਬਹੁਤ ਵੱਡੀ ਉਪਲਬਧੀ ਹੈ। ਇਸ ਨਾਲ ਲੋਕ ਆਪੋ ਆਪਣੀਆਂ ਕਾਰਾਂ ਨੂੰ ਛੱਡ ਕੇ ਬੱਸਾਂ ਦੇ ਸਫਰ ਨੂੰ ਤਰਜੀਹ ਦੇਣਗੇ ਤੇ ਸੜਕਾਂ ਉੱਤੇ ਟਰੈਫਿਕ ਦੀ ਸਮੱਸਿਆ ਵੀ ਘਟੇਗੀ। ਇਸ ਨਾਲ ਨਾ ਸਿਰਫ ਏਅਰਪੋਰਟ ਆਉਣ ਜਾਣ ਵਾਲੇ ਯਾਤਰੀਆਂ ਨੂੰ ਫਾਇਦਾ ਹੋਵੇਗਾ ਸਗੋਂ ਦੱਖਣੀ ਓਨਟਾਰੀਓ ਦਾ ਅਰਥਚਾਰਾ ਵੀ ਮਜ਼ਬੂਤ ਹੋਵੇਗਾ। ਐੱਮ.ਪੀ. ਸਹੋਤਾ ਨੇ ਜੀ.ਟੀ.ਏ.ਏ., ਟੀ.ਆਈ.ਏ.ਓ. ਤੇ ਗ੍ਰੇਹਾਊਂਡ ਕੈਨੇਡਾ ਨੂੰ ਨਵੀਂ ਭਾਈਵਾਲੀ ਲਈ ਵਧਾਈ ਵੀ ਦਿੱਤੀ।