ਕੈਨੇਡਾ 'ਚ ਪੰਜਾਬੀ ਦੇ ਮਾੜੇ ਕੰਮਾਂ ਨੇ ਝੁਕਾਇਆ 'ਪੰਜਾਬੀ ਭਾਈਚਾਰੇ' ਦਾ ਸਿਰ

02/15/2018 3:38:57 PM

ਬਰੈਂਪਟਨ— ਕੈਨੇਡਾ 'ਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ ਤੇ ਕਈ ਵਾਰ ਕੁੱਝ ਗਲਤ ਲੋਕਾਂ ਦੇ ਕਾਰਨ ਸਾਰੇ ਭਾਈਚਾਰੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਅਜਿਹੀ ਹੀ ਇਕ ਸ਼ਰਮਿੰਦਗੀ ਭਰੀ ਖਬਰ ਬਰੈਂਪਟਨ ਤੋਂ ਮਿਲੀ ਹੈ। ਬਰੈਂਪਟਨ 'ਚ ਇਕ ਪੰਜਾਬੀ ਵਿਅਕਤੀ ਸੁਖਮਿੰਦਰ ਲੋਟਾ ਨੂੰ ਟੋਰਾਂਟੋ ਪੁਲਸ ਨੇ ਹਿਰਾਸਤ 'ਚ ਲਿਆ ਹੈ ਅਤੇ ਉਸ 'ਤੇ 2 ਨਾਬਾਲਗ ਕੁੜੀਆਂ ਨੂੰ ਦੇਹ ਵਪਾਰ ਦੇ ਗੰਦੇ ਧੰਦੇ 'ਚ ਸੁੱਟਣ ਦੇ ਦੋਸ਼ ਹਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਸੁਖਮਿੰਦਰ ਸਮੇਤ 4 ਵਿਅਕਤੀਆਂ ਨੂੰ ਕਈ ਦੋਸ਼ਾਂ ਹੇਠ ਹਿਰਾਸਤ 'ਚ ਲਿਆ ਹੈ। ਪੁਲਸ ਨੇ ਕਿਹਾ ਕਿ ਇਨ੍ਹਾਂ ਪੀੜਤ ਕੁੜੀਆਂ 'ਚੋਂ ਇਕ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਇਸ ਸੰੰਬੰਧੀ ਜਾਣਕਾਰੀ ਦਿੱਤੀ ਅਤੇ ਪੁਲਸ ਨੇ ਮਨੁੱਖੀ ਤਸਕਰੀ ਸੰਬੰਧੀ ਜਾਂਚ ਸ਼ੁਰੂ ਕੀਤੀ। 

ਸੁਖਮਿੰਦਰ ਤੋਂ ਇਲਾਵਾ ਜਿਨ੍ਹਾਂ 3 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ—

19 ਸਾਲਾ ਜਿਹਡਾਈਨ ਡੇਸਿਰ 
22 ਸਾਲਾ ਡੇਨ ਕੈਟੋ-ਸਿਮਸਨ
18 ਸਾਲਾ ਤੁਹਜੇ ਟੁਕਰ
ਡੇਸਿਰ ਅਤੇ ਸਿਮਸਨ ਟੋਰਾਂਟੋ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੋਹਾਂ 'ਤੇ 8-8 ਦੋਸ਼ ਲੱਗੇ ਹਨ। ਤੁਹਜੇ ਟੁਕਰ 'ਤੇ 11 ਦੋਸ਼ ਲੱਗੇ ਹਨ।

ਪੁਲਸ ਨੇ ਕਿਹਾ ਕਿ ਦੋਹਾਂ 'ਚੋਂ ਇਕ ਕੁੜੀ ਨੂੰ ਸੋਸ਼ਲ ਮੀਡੀਆ ਦੀ ਮਦਦ ਨਾਲ ਇਸ ਗੰਦੇ ਧੰਦੇ 'ਚ ਸੁੱਟਿਆ ਗਿਆ ਅਤੇ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ। ਇਸ ਧੰਦੇ 'ਚ ਕੁੜੀਆਂ ਨੂੰ ਜੋ ਪੈਸੇ ਮਿਲੇ ਸੁਖਮਿੰਦਰ ਨੇ ਉਨ੍ਹਾਂ ਤੋਂ ਖੋਹ ਲਏ। ਪੁਲਸ ਨੇ ਦੱਸਿਆ ਕਿ 45 ਸਾਲਾ ਸੁਖਮਿੰਦਰ 'ਤੇ ਦੋ ਦੋਸ਼ ਲੱਗੇ ਹਨ, ਭਾਵ ਉਸ ਨੂੰ ਮਨੁੱਖੀ ਤਸਕਰੀ ਦੇ ਦੋ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ 'ਚੋ ਇਕ ਦੋਸ਼ ਨਾਬਾਲਗ ਕੁੜੀਆਂ ਨੂੰ ਗੰਦੇ ਧੰਦੇ 'ਚ ਸੁੱਟਣ ਦਾ ਅਤੇ ਦੂਜਾ ਉਨ੍ਹਾਂ ਤੋਂ ਪੈਸੇ ਖੋਹਣ ਦਾ ਹੈ।