ਘਰ ''ਚ ਲੜਾਈ ਹੋਣ ਤੋਂ ਬਾਅਦ ਛੁੱਟੀਆਂ ਮਨਾਉਣ ਵਿਦੇਸ਼ ਭੱਜਿਆ 12 ਸਾਲਾਂ ਬੱਚਾ

04/24/2018 12:31:00 AM

ਸਿਡਨੀ— ਕਈ ਵਾਰ ਬੱਚੇ ਨਿੱਕੀ ਜਿਹੀ ਗੱਲ ਤੋਂ ਨਾਰਾਜ ਹੋ ਕੇ ਵੱਡਾ ਤੇ ਖਤਰਨਾਕ ਕਦਮ ਚੁੱਕ ਲੈਂਦੇ ਹਨ। ਕੁਝ ਅਜਿਹਾ ਹੀ ਸਿਡਨੀ ਦੇ 12 ਸਾਲਾਂ ਲੜਕੇ ਨੇ ਕੀਤਾ। ਇਸ ਬੱਚੇ ਨੇ ਆਪਣੇ ਮਾਤਾ ਪਿਤਾ ਦਾ ਕ੍ਰੈਡਿਟ ਕਾਰਡ ਚੋਰੀ ਕਰ ਲਿਆ ਤੇ ਦਾਦੀ ਨੂੰ ਗੱਲਾਂ 'ਚ ਪਾ ਕੇ ਪਾਸਪੋਰਟ ਵੀ ਲੈ ਲਿਆ। ਘਰ 'ਚ ਬਹਿਸ ਹੋਣ ਤੋਂ ਬਾਅਦ ਉਹ ਇਕੱਲਾ ਹੀ ਛੁੱਟੀਆਂ ਮਨਾਉਣ ਲਈ ਬਾਲੀ ਚਲਾ ਗਿਆ। ਉਸ ਦੀ ਮਾਂ ਨੇ ਕਿਹਾ ਸੀ ਕਿ ਉਹ ਬਾਲੀ ਨਹੀਂ ਜਾਵੇਗਾ, ਜਿਸ ਕਾਰਨ ਉਹ ਨਾਰਾਜ਼ ਹੋ ਗਿਆ। ਉਸ ਨੇ ਚੋਰੀ ਕੀਤੇ ਕ੍ਰੈਡਿਟ ਕਾਰਡ ਤੋਂ ਫਲਾਈਟ ਬੁੱਕ ਕਰਵਾਈ ਤੇ ਇਥੇ ਤਕ ਕਿ ਬਾਲੀ 'ਚ ਇਕ ਲਗਜ਼ਰੀ ਹੋਟਲ ਵੀ ਬੁੱਕ ਕਰਵਾਇਆ।
ਉਸ ਨੇ ਘਰ 'ਚ ਦੱਸਿਆ ਕਿ ਉਹ ਸਕੂਲ ਜਾ ਰਿਹਾ ਹੈ ਪਰ ਉਹ ਏਅਰਪੋਰਟ ਜਾ ਕੇ ਇੰਡੋਨੇਸ਼ੀਆ ਲਈ ਰਵਾਨਾ ਹੋਇਆ। ਪਰਥ ਏਅਰਪੋਰਟ 'ਤੇ ਉਸ ਤੋਂ ਸਵਾਲ ਪੁੱਛਿਆ ਗਿਆ ਤੇ ਜਦੋਂ ਉਸ ਤੋਂ 12 ਸਾਲ ਤੋਂ ਵਧ ਉਮਰ ਦਾ ਆਈ.ਡੀ. ਕਾਰਡ ਮੰਗਿਆ ਤਾਂ ਉਸ ਨੇ ਸਟੂਡੈਂਟ ਆਈ.ਡੀ ਕਾਰਡ ਤੇ ਪਾਸਪੋਰਟ ਦਿਖਾ ਦਿੱਤਾ। ਇੰਨਾ ਵੱਡਾ ਕਦਮ ਚੁੱਕਦੇ ਹੋਏ ਉਸ ਨੂੰ ਜਰਾ ਵੀ ਡਰ ਨਹੀਂ ਲੱਗਾ ਕਿ ਜੇਕਰ ਉਹ ਫੜ੍ਹਿਆ ਗਿਆ ਤਾਂ ਕੀ ਹੋਵੇਗਾ। ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੂੰ ਸਕੂਲ ਤੋਂ ਫੋਨ ਆਇਆ ਕਿ ਉਹ ਅੱਜ ਸਕੂਲ ਨਹੀਂ ਆਇਆ। ਉਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਉਹ ਬਾਲੀ 'ਚ ਛੁੱਟੀਆਂ ਮਨਾਉਣ ਲਈ ਗਿਆ ਹੈ।