ਐਡੀਲੇਡ ‘ਚ ਕਿਤਾਬ “ਤੈਨੂੰ ਇਕ ਖ਼ਤ ਲਿਖ ਦੇਵਾਂ” ਦੀ ਘੁੰਢ ਚੁਕਾਈ

11/21/2020 3:42:00 PM

ਐਡੀਲੇਡ (ਕਰਨ ਬਰਾੜ)- ਸਿਰੜੀ ਅਤੇ ਅਣਥੱਕ ਪੰਜਾਬੀ ਜਿਸ ਵੀ ਮੁਲਕਾਂ ਵਿਚ ਗਏ, ਉੱਥੇ ਆਪਣੀ ਮਿਹਨਤ ਨਾਲ ਜਿੱਥੇ ਵੱਖ-ਵੱਖ ਖੇਤਰਾਂ ਵਿਚ ਤਰੱਕੀਆਂ ਕਰਦੇ ਆ ਰਹੇ ਹਨ। ਇਸ ਦੇ ਨਾਲ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਵਡਮੁੱਲੀਆਂ ਕਿਤਾਬਾਂ ਵੀ ਪੰਜਾਬੀ ਸਾਹਿਤ ਦੀ ਝੋਲੀ ਪਾ ਰਹੇ ਹਨ। 

ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ ਵੱਲੋਂ ਐਡੀਲੇਡ ਵਿਖੇ ਗੁਰਚਰਨ ਸਿੰਘ ਰੁਪਾਣਾ ਜੀ ਦੀ ਪਲੇਠੀ ਕਾਵਿ ਪੁਸਤਕ "ਤੈਨੂੰ ਇੱਕ ਖ਼ਤ ਲਿਖ ਦੇਵਾਂ" ਦੀ ਘੁੰਢ ਚੁਕਾਈ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਸ਼ੌਕਤ ਅਲੀ ਨੇ ਕੀਤੀ। ਪ੍ਰੋਗਰਾਮ ਦੇ ਆਰੰਭ ਵਿਚ ਸੁਰਿੰਦਰ ਸਿਦਕ ਵੱਲੋਂ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਨੂੰ 'ਜੀ ਆਇਆਂ' ਆਖਿਆ ਗਿਆ।

ਇਸ ਸਮੇਂ ਮਹਿੰਗਾ ਸਿੰਘ ਸੰਗਰ ਵੱਲੋਂ ਲੇਖਕ ਦੇ ਜੀਵਨ ਸੰਬੰਧੀ ਜਾਣਕਾਰੀ ਦਿੱਤੀ। ਇਸ ਉਪਰੰਤ ਮੁੱਖ ਮਹਿਮਾਨ ਸ਼ੌਕਤ ਅਲੀ ਅਤੇ ਬਲਜੀਤ ਸਿੰਘ ਬੈਨੀਪਾਲ ਵੱਲੋਂ ਹੋਰਨਾਂ ਸਾਹਿਤਕ ਸ਼ਖਸੀਅਤਾਂ ਦੀ ਮੌਜੂਦਗੀ ਵਿਚ "ਤੈਨੂੰ ਇੱਕ ਖ਼ਤ ਲਿਖ ਦੇਵਾਂ" ਦੀ ਘੁੰਢ ਚੁਕਾਈ ਕੀਤੀ ਗਈ। ਸਾਹਿਤ ਸੁਮੇਲ ਵੱਲੋਂ  ਡਾ.ਮਨਦੀਪ ਕੌਰ ਢੀਂਡਸਾ ਨੇ ਮੰਚ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ ਅਤੇ ਕਾਵਿ ਸੰਗ੍ਰਹਿ ਤੇ ਪਰਚਾ ਵੀ ਪੜ੍ਹਿਆ। ਗੁਰਚਰਨ ਸਿੰਘ ਰੁਪਾਣਾ ਨੇ ਬਹੁਤ ਹੀ ਸੰਖੇਪ ਤੇ ਸਰਲ ਵਿਚਾਰਾਂ ਰਾਹੀਂ ਆਪਣੀ ਪੁਸਤਕ ਦੇ ਸਫਰ ਬਿਆਨ ਕੀਤਾ। ਮੁੱਖ ਮਹਿਮਾਨ ਸ਼ੌਕਤ ਅਲੀ ਜੀ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਰਦੇਸ ਵਿਚ ਰਹਿ ਕੇ ਮਾਂ ਬੋਲੀ ਨਾਲ ਜੁੜੇ ਰਹਿਣਾ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਇਸ ਸਮਾਗਮ ਵਿਚ ਪੰਜਾਬੀਅਤ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਜਿਨ੍ਹਾਂ ‘ਚ ਗੁਰਮੀਤ ਸਿੰਘ ਵਾਲੀਆ, ਗੁਰਿੰਦਰ ਸਿੰਘ, ਮੋਹਨ ਸਿੰਘ ਮਲਹਾਂਸ, ਬਲਜੀਤ ਕੌਰ, ਸਰੂਪ ਸਿੰਘ ਜੌਹਲ, ਅਮਰਦੀਪ ਸਿੰਘ, ਰੀਤ ਗਿੱਲ, ਰਣਜੀਤ ਸਿੰਘ ਸਰਾਭਾ ਆਦਿ ਸ਼ਾਮਿਲ ਸਨ। 

Lalita Mam

This news is Content Editor Lalita Mam