ਅਫਗਾਨਿਸਤਾਨ 'ਚ ਬੱਸ ਕੋਲ ਬੰਬ ਧਮਾਕਾ, 34 ਲੋਕਾਂ ਦੀ ਮੌਤ

07/31/2019 11:05:13 AM

ਕਾਬੁਲ— ਅਫਗਾਨਿਸਤਾਨ ਦੇ ਹੇਰਾਤ-ਕੰਧਾਰ ਹਾਈਵੇਅ 'ਤੇ ਬੁੱਧਵਾਰ ਸਵੇਰੇ ਸੜਕ ਕਿਨਾਰੇ ਇਕ ਬੱਸ ਕੋਲ ਹੋਏ ਬੰਬ ਧਮਾਕੇ 'ਚ ਘੱਟ ਤੋਂ ਘੱਟ 34 ਲੋਕ ਮਾਰੇ ਗਏ ਅਤੇ ਹੋਰ 17 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਵਲੋਂ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ।

ਮੀਡੀਆ ਮੁਤਾਬਕ ਮ੍ਰਿਤਕਾਂ 'ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਸੁਰੱਖਿਆ ਫੌਜ ਨੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਫਰਾਹ ਦੇ ਗਵਰਨਰ ਦੇ ਬੁਲਾਰੇ ਫਾਰੂਕ ਬਰਾਕਜਈ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਤਾਲਿਬਾਨ ਨੇ ਇਸ ਗੱਲ ਦੀ ਤਤਕਾਲ ਪੁਸ਼ਟੀ ਨਹੀਂ ਕੀਤੀ ਕਿ ਇਸ ਹਮਲੇ ਦੇ ਪਿੱਛੇ ਉਨ੍ਹਾਂ ਦਾ ਹੱਥ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦ ਇਕ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਤਕਰੀਬਨ 18 ਸਾਲ ਪੁਰਾਣੇ ਸੰਘਰਸ਼ ਨੂੰ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਫਗਾਨਿਸਤਾਨ 'ਚ ਭਿਆਨਕ ਪੱਧਰ ਤਕ ਪੁੱਜ ਚੁੱਕੀ ਲੜਾਈ ਨੇ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਲੈ ਲਈ ਤੇ ਕਈ ਜ਼ਖਮੀ ਕਰ ਦਿੱਤੇ।

ਇਸ ਤੋਂ ਇਕ ਦਿਨ ਪਹਿਲਾਂ ਹੀ ਭੀੜ ਵਾਲੇ ਬਾਜ਼ਾਰ 'ਚ ਆਤਮਘਾਤੀ ਹਮਲਾ ਹੋਇਆ ਸੀ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 23 ਜ਼ਖਮੀ ਹੋ ਗਏ ਸਨ।