ਮੈਨਚੇਸਟਰ ''ਚ ਬੰਬ ਧਮਾਕਾ : ਬ੍ਰਿਟੇਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੀਤੀ ਨਿੰਦਾ

05/23/2017 11:15:20 AM

ਨਵੀਂ ਦਿੱਲੀ/ਲੰਡਨ— ਸੋਮਵਾਰ ਰਾਤ ਨੂੰ ਬ੍ਰਿਟੇਨ ਦੇ ਸ਼ਹਿਰ ਮੈਨਚੇਸਟਰ ''ਚ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ''ਚ ਲਗਭਗ 19 ਲੋਕਾਂ ਦੀ ਮੌਤ ਅਤੇ ਹੋਰ 50 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ''ਭਿਆਨਕ ਅੱਤਵਾਦੀ ਹਮਲੇ'' ਦੀ ਨਿੰਦਾ ਕੀਤੀ ਹੈ। ਮੇਅ ਨੇ ਕਿਹਾ,''ਅਸੀਂ ਇਸ ਦਾ ਪੂਰਾ ਬਿਓਰਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਨੂੰ ਪੁਲਸ ਇਕ ''ਭਿਆਨਕ ਅੱਤਵਾਦੀ ਘਟਨਾ'' ਦੀ ਤਰ੍ਹਾਂ ਦੇਖ ਰਹੀ ਹੈ।''

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੈਨਚੇਸਟਰ ''ਚ ਹੋਏ ਬੰਬ ਧਮਾਕੇ ਦੀ ਨਿੰਦਾ ਕੀਤੀ ਹੈ। ਮੋਦੀ ਨੇ ਟਵੀਟ ਕਰ ਕੇ ਕਿਹਾ,''ਮੈਨਚਸਟਰ ''ਚ ਹੋਏ ਹਮਲੇ ਨਾਲ ਮੈਂ ਦੁਖੀ ਹਾਂ। ਅਸੀਂ ਇਸ ਦੀ ਸਖਤੀ ਨਾਲ ਨਿੰਦਾ ਕਰਦੇ ਹਾਂ। ਸਾਡੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ। ਸਾਡੀਆਂ ਪ੍ਰਾਰਥਨਾਵਾਂ ਜ਼ਖਮੀਆਂ ਨਾਲ ਹਨ।''
ਪੁਲਸ ਦਾ ਕਹਿਣਾ ਹੈ ਕਿ ਜਦ ਤਕ ਕੋਈ ਹੋਰ ਕਾਰਨ ਪਤਾ ਨਹੀਂ ਲੱਗਦਾ ਤਦ ਤਕ ਇਸ ਨੂੰ ਇਕ ਅੱਤਵਾਦੀ ਘਟਨਾ ਹੀ ਮੰਨਿਆ ਜਾਵੇਗਾ। ਸੋਮਵਾਰ ਨੂੰ ਜਦ ਇਹ ਧਮਾਕਾ ਹੋਇਆ ਤਦ ਅਮਰੀਕੀ ਗਾਇਕਾ ਅਤੇ ਅਦਾਕਾਰਾ ਅਰਿਆਨਾ ਗ੍ਰਾਂਡੇ ਦਾ ਸ਼ੋਅ ਚੱਲ ਰਿਹਾ ਸੀ, ਜਿਸ ਨੂੰ ਸੁਣਨ ਲਈ ਦੇਸ਼-ਵਿਦੇਸ਼ ਤੋਂ ਲਗਭਗ 21 ਹਜ਼ਾਰ ਲੋਕ ਇਕੱਠੇ ਹੋਏ ਸਨ। ਅਰਿਆਨਾ ਸੁਰੱਖਿਅਤ ਹੈ ਪਰ ਇਸ ਘਟਨਾ ਕਾਰਨ ਦੁਖੀ ਹੈ।