New York 'ਚ ਟਾਪੂ 'ਤੇ ਦਫਨਾਈਆਂ ਜਾ ਰਹੀਆਂ ਲਾਸ਼ਾਂ, ਵੀਡੀਓ ਤੇ ਫੋਟੋਆਂ ਵਾਇਰਲ

04/10/2020 9:13:07 PM

ਨਿਊਯਾਰਕ - ਅਮਰੀਕਾ ਦੇ ਨਿਊਯਾਰਕ ਤੋਂ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਥੇ ਕੋਰੋਨਾਵਾਇਰਸ ਦੇ ਚੱਲਦੇ ਹਰ ਦਿਨ ਹਾਲਾਤ ਵਿਗਡ਼ਦੇ ਹੀ ਜਾ ਰਹੇ ਹਨ। ਇਕ ਦਿਨ ਵਿਚ ਔਸਤਨ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ਵਿਚ ਇਥੇ ਲਾਸ਼ਾਂ ਦਾ ਢੇਰ ਲੱਗ ਗਿਆ ਹੈ। ਲਿਹਾਜ਼ਾ ਉਨ੍ਹਾਂ ਨੂੰ ਇਕੱਠੇ ਕਬਰਾਂ ਵਿਚ ਦਫਨਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ।

ਲਾਸ਼ਾਂ ਦਾ ਲੱਗਾ ਢੇਰ
ਬੀ. ਬੀ. ਸੀ. ਮੁਤਾਬਕ ਹਾਰਟ ਟਾਪੂ 'ਤੇ ਅਜਿਹੇ ਲੋਕਾਂ ਨੂੰ ਦਫਨਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਇਸ ਦੁਨੀਆ ਵਿਚ ਕੋਈ ਨਹੀਂ ਹੈ। ਇਥੋਂ ਆ ਰਹੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਡੀਆਂ-ਵੱਡੀਆਂ ਕਬਰਾਂ ਪੁੱਟੀਆਂ ਜਾ ਰਹੀਆਂ ਹਨ। ਪਹਿਲਾਂ ਇਥੇ ਹਫਤੇ ਵਿਚ ਸਿਰਫ ਇਕ ਦਿਨ ਕਬਰ ਪੁੱਟੀ ਜਾਂਦੀ ਸੀ ਪਰ ਹੁਣ ਇਥੇ ਇਹ ਕੰਮ 5 ਦਿਨ ਹੋ ਰਿਹਾ ਹੈ। ਇਹ ਕੰਮ ਪਹਿਲਾਂ ਸ਼ਹਿਰ ਦੀ ਜੇਲ ਵਿਚ ਬੰਦ ਕੈਦੀ ਕਰਦੇ ਸਨ ਪਰ ਹੁਣ ਲਾਸ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਕਬਰ ਪੁੱਟਣ ਲਈ ਬਾਹਰ ਤੋਂ ਕਾਨਟ੍ਰੈਕਟਰ ਬੁਲਾਏ ਗਏ ਹਨ।

ਹਰ ਦਿਨ ਵਧ ਰਿਹੈ ਮੌਤਾਂ ਦਾ ਅੰਕਡ਼ਾ
ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਨਿਊਯਾਰਕ ਨੇ ਇਕੱਲੇ ਦੁਨੀਆ ਦੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ। ਇਥੇ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਵੀਰਵਾਰ ਨੂੰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ 10 ਹਜ਼ਾਰ ਦਾ ਵਾਧਾ ਦਰਜ ਕੀਤਾ ਗਿਆ ਅਤੇ ਹੁਣ ਇਹ 1 ਲੱਖ 60 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਅਮਰੀਕਾ ਵਿਚ ਹੁਣ ਤੱਕ 16,500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕੁਲ ਮਿਲਾ ਕੇ ਇਥੇ ਕੋਰੋਨਾਵਾਇਰਸ ਦੇ 4 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਕੀ ਘੱਟ ਰਹੀ ਹੈ ਮੌਤਾਂ ਦੀ ਗਿਣਤੀ
ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਿਸ਼ੀਅਸ ਡਿਜ਼ੀਜ ਦੇ ਡਾਇਰੈਕਟਰ ਐਂਥਨੀ ਫੌਸੀ ਨੇ ਆਖਿਆ ਹੈ ਕਿ ਅਮਰੀਕਾ ਨੇ ਜਿਹਡ਼ਾ ਕਦਮ ਚੁੱਕੇ ਹਨ ਉਹ ਉਹ ਕੰਮ ਆਉਣ ਲੱਗੇ ਹਨ ਅਤੇ ਅਜਿਹੇ ਵਿਚ ਹੁਣ ਇਥੇ 2 ਲੱਖ 40 ਹਜ਼ਾਰ ਨਹੀਂ ਬਲਕਿ 60 ਹਜ਼ਾਰ ਲੋਕਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਸੋਸ਼ਲ ਡਿਸਟੈਂਸਿੰਗ ਅਤੇ ਲਾਕਡਾਊਨ ਦਾ ਅਸਰ ਹੁਣ ਦਿੱਖਣ ਲੱਗਾ ਹੈ। ਡਾਕਟਰ ਐਂਥਨੀ ਵਾਈਟ ਹਾਊਸ ਵਿਚ ਕੋਰੋਨਾਵਾਇਰਸ ਟਾਸਕ ਫੋਰਸ ਦੇ ਅਹਿਮ ਮੈਂਬਰ ਹਨ। ਉਨ੍ਹਾਂ ਆਖਿਆ ਕਿ ਅਸੀਂ ਲੋਕ ਕੋਰੋਨਾਵਾਇਰਸ ਨੂੰ ਹਰਾਉਣ ਲਈ ਜਿਹਡ਼ੇ ਵੀ ਕਦਮ ਚੁੱਕ ਰਹੇ ਹਾਂ ਹੁਣ ਉਸ ਦੇ ਅਸਰ ਦਿੱਖਣ ਲੱਗੇ ਹਨ।

Khushdeep Jassi

This news is Content Editor Khushdeep Jassi