ਸਵੀਡਨ ਦੀ ਨਦੀ ''ਚੋਂ ਮਿਲੀ ਪਾਕਿ ਦੇ ਪੱਤਰਕਾਰ ਦੀ ਲਾਸ਼, ਖੁਫੀਆ ਏਜੰਸੀਆਂ ''ਤੇ ਸ਼ੱਕ

05/02/2020 8:53:37 PM

ਇਸਲਾਮਾਬਾਦ - ਪਿਛਲੇ 2 ਮਹੀਨਿਆਂ ਤੋਂ ਲਾਪਤਾ ਪਾਕਿਸਤਾਨ ਦੇ ਪੱਤਰਕਾਰ ਸਾਜਿਦ ਹੁਸੈਨ ਦੀ ਲਾਸ਼ ਸਵੀਡਨ ਦੀ ਇਕ ਨਦੀ ਵਿਚੋਂ ਮਿਲੀ ਹੈ। ਪਾਕਿਸਤਾਨ ਵੱਲੋਂ ਉਨ੍ਹਾਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਦਾ ਕਾਰਨ ਪਾਕਿਸਤਾਨ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਸਰਕਾਰ ਦੀਆਂ ਵਧੀਕੀਆਂ ਖਿਲਾਫ ਲਗਾਤਾਰ ਆਵਾਜ਼ ਚੁੱਕਣਾ ਸੀ ਅਤੇ ਪਰ ਇਸ ਤੋਂ ਬਾਅਦ ਸਾਜਿਦ ਦੇ ਸਵੀਡਨ ਵਿਚ ਪਨਾਹ ਲੈ ਲਈ ਸੀ।

ਸਵੀਡਨ ਦੇ ਉਪਾਸਲਾ ਸ਼ਹਿਰ ਦੀ ਫਾਇਰੀਸ ਨਦੀ ਵਿਚ ਸਾਜਿਦ ਦੀ ਲਾਸ਼ ਮਿਲੀ ਹੈ। ਉਹ 2 ਮਾਰਚ ਤੋਂ ਹੀ ਲਾਪਤਾ ਸੀ, ਸਾਜਿਦ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦਾ ਮੂਲ ਨਿਵਾਸੀ ਸੀ ਅਤੇ ਉਥੇ ਸਰਕਾਰ ਵੱਲੋਂ ਹੋਣ ਵਾਲੀਆਂ ਵਧੀਕੀਆਂ ਖਿਲਾਫ ਆਵਾਜ਼ ਚੁੱਕਦਾ ਸੀ। ਸਾਜਿਦ ਹੁਸੈਨ ਦੀ ਹੱਤਿਆ ਵਿਚ ਪਾਕਿਸਤਾਨ ਖੁਫੀਆ ਏਜੰਸੀ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਸਾਜਿਦ, ਬਲੋਚਿਸਤਾਨ ਖੇਤਰ ਵਿਚ ਪਾਕਿਸਤਾਨ ਸਰਕਾਰ ਵੱਲੋਂ ਹੋਣ ਵਾਲੀਆਂ ਵਧੀਕੀਆਂ ਨੂੰ ਲੈ ਕੇ ਆਵਾਜ਼ ਚੁੱਕਦਾ ਰਹਿੰਦਾ ਸੀ। ਉਸ ਨੇ ਇਥੋਂ ਲੋਕਾਂ ਦੇ ਜ਼ਬਰਨ ਲਾਪਤਾ ਹੋਣ ਅਤੇ ਡਰੱਗਸ ਮਾਫੀਆਵਾਂ 'ਤੇ ਲੇਖ ਲਿਖੇ ਸਨ। ਇਸ ਤੋਂ ਬਾਅਦ ਉਸ ਨੇ 2012 ਵਿਚ ਹੀ ਪਾਕਿਸਤਾਨ ਛੱਡ ਦਿੱਤਾ ਸੀ। ਫਿਰ ਉਹ ਓਮਾਨ, ਯੂ. ਏ. ਈ., ਯੁਗਾਂਡਾ ਜਿਹੇ ਦੇਸ਼ਾਂ ਤੋਂ ਹੁੰਦੇ ਹੋਏ ਸਵੀਡਨ ਵਿਚ 2017 ਤੋਂ ਰਹਿ ਰਿਹਾ ਸੀ।

ਉਹ 2017 ਵਿਚ ਸਵੀਡਨ ਆਇਆ ਸੀ ਅਤੇ ਉਸ ਤੋਂ 2 ਸਾਲ ਬਾਅਦ ਉਸ ਨੂੰ ਉਥੇ ਸਿਆਸੀ ਪਨਾਹ ਮਿਲੀ ਸੀ। ਇਸ ਦੌਰਾਨ ਉਸ ਨੇ ਆਪਣੀ ਵੈੱਬਸਾਈਟ 'ਤੇ ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੇ ਉਲੰਘਣ 'ਤੇ ਲਿੱਖਣਾ ਜਾਰੀ ਰੱਖਿਆ। ਸਾਜਿਦ ਨੂੰ ਆਖਰੀ ਵਾਰ ਸਟਾਕਹੋਮ ਤੋਂ ਓਪਾਸਲਾ ਲਈ ਟਰੇਨ ਤੋਂ ਜਾਂਦੇ ਹੋਏ ਦੇਖਿਆ ਗਿਆ ਸੀ। ਸਵੀਡਨ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Khushdeep Jassi

Content Editor

Related News