ਭੂਮੱਧ ਸਾਗਰ 'ਚ ਸੈਂਕੜੇਂ ਪ੍ਰਵਾਸੀ ਲਾਪਤਾ : ਲੀਬੀਆਈ ਜਲ ਸੈਨਾ

01/10/2018 10:24:43 AM

ਤ੍ਰਿਪੋਲੀ (ਭਾਸ਼ਾ)— ਲੀਬੀਆ ਜਲ ਸੈਨਾ ਦੀ ਜਾਣਕਾਰੀ ਮੁਤਾਬਕ ਲੀਬੀਆ ਤੱਟ ਨੇੜੇ ਭੂਮੱਧ ਸਾਗਰ ਵਿਚ ਇਕ ਅਸਥਾਈ ਕਿਸ਼ਤੀ ਡੁੱਬਣ ਕਾਰਨ 90 ਤੋਂ 100 ਪ੍ਰਵਾਸੀ ਲਾਪਤਾ ਹੋ ਗਏ ਹਨ। ਜਲ ਸੈਨਾ ਦੇ ਬੁਲਾਰਾ ਆਯੁਬ ਕਾਸਿਮ ਨੇ ਦੱਸਿਆ ਕਿ ਕਿਸ਼ਤੀ ਵਿਚ 100 ਤੋਂ ਜ਼ਿਆਦਾ ਲੋਕ ਸਵਾਰ ਸਨ। ਬਚਾਅ ਕਰਤਾ ਇਨ੍ਹਾਂ ਵਿਚੋਂ ਕੁਝ ਔਰਤਾਂ ਸਮੇਤ ਸਿਰਫ 17 ਲੋਕਾਂ ਨੂੰ ਹੀ ਬਚਾ ਪਾਏ। ਮਦਦ ਪਹੁੰਚਣ ਤੋਂ ਪਹਿਲਾਂ ਇਹ ਲੋਕ ਕਈ ਘੰਟਿਆਂ ਤੱਕ ਕਿਸ਼ਤੀ ਨਾਲ ਲਟਕੇ ਰਹੇ। ਕਾਸਿਮ ਨੇ ਦੱਸਿਆ ਕਿ ਕਿਸ਼ਤੀ ਲੀਬੀਆ ਦੀ ਰਾਜਧਾਨੀ ਤੋਂ ਕਰੀਬ 100 ਕਿਲੋਮੀਟਰ ਦੂਰ ਸਥਿਤ ਖਮਸ ਸ਼ਹਿਰ ਨੇੜੇ ਡੁੱਬੀ। ਲੀਬੀਆਈ ਜਲ ਸੈਨਾ ਨੇ ਦੱਸਿਆ ਕਿ ਇਕ ਹੋਰ ਘਟਨਾ ਵਿਚ ਉਨ੍ਹਾਂ ਨੇ ਤ੍ਰਿਪੋਲੀ ਦੇ ਪੱਛਮ ਵਿਚ ਜਾਵਿਆ ਨੇੜੇ ਕਰੀਬ 267 ਪ੍ਰਵਾਸੀਆਂ ਨੂੰ ਬਚਾਇਆ। ਇਨ੍ਹਾਂ ਵਿਚੋਂ ਜ਼ਿਆਦਾਤਰ ਅਫਰੀਕੀ ਨਾਗਰਿਕ ਹਨ। ਕਾਸਿਮ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਵਿਚ ਔਰਤਾਂ ਅਤੇ 17 ਬੱਚੇ ਸ਼ਾਮਲ ਹਨ। ਮਦਦ ਸੰਗਠਨਾਂ ਮੁਤਾਬਕ ਇਸ ਹਫਤੇ ਦੇ ਅੰਤ ਵਿਚ ਲੀਬੀਆ ਤੱਟ ਨੇੜੇ 10 ਪ੍ਰਵਾਸੀ ਮਾਰੇ ਗਏ ਅਤੇ ਬੱਚਿਆਂ ਸਮੇਤ ਕਈ ਹੋਰ ਲੋਕ ਲਾਪਤਾ ਹਨ।