ਆਸਟ੍ਰੇਲੀਆ ''ਚ ਪੰਜਾਬੀਆਂ ਦੀਆਂ ਪੌ-ਬਾਰ੍ਹਾਂ, ''ਬਲੂ ਬੇਰੀ'' ਖੇਤੀ ਜ਼ਰੀਏ ਕਮਾ ਰਹੇ ਨੇ ਕਰੋੜਾਂ ਡਾਲਰ

11/28/2017 3:45:41 PM

ਸਿਡਨੀ (ਏਜੰਸੀ)— ਇਹ ਗੱਲ ਤਾਂ ਸੌ ਫੀਸਦੀ ਸੱਚ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਪੰਜਾਬ ਵਰਗਾ ਮਾਹੌਲ ਬਣਾ ਲੈਂਦੇ ਹਨ। ਹੱਡ ਤੋੜਵੀਂ ਮਿਹਨਤ ਸਦਕਾ ਹੀ ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਹਨ, ਭਾਵੇਂ ਉਹ ਕੋਈ ਵੀ ਖਿੱਤਾ ਕਿਉਂ ਨਾ ਹੋਵੇ। ਅੱਜ ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਵਿਚ ਰਹਿੰਦੇ ਪੰਜਾਬੀ ਕਿਸਾਨਾਂ ਦੀ। ਇੱਥੇ ਰਹਿੰਦੇ ਪੰਜਾਬੀ ਕਿਸਾਨ ਗੰਨੇ ਅਤੇ ਕੇਲੇ ਦੀ ਖੇਤੀ ਤੋਂ ਬਾਅਦ ਬਲੂ ਬੇਰੀ ਦੀ ਖੇਤੀ ਕਰ ਰਹੇ ਹਨ, ਜੋ ਕਿ ਬਹੁਤ ਹੀ ਮਹਿੰਗੇ ਭਾਅ ਵਿਕ ਰਹੀ ਹੈ। ਬਲੂ ਬੇਰੀ ਦੀ ਕਾਸ਼ਤ ਵਿਚ 140 ਪੰਜਾਬੀ ਕਿਸਾਨ ਸਹਿਕਾਰੀ ਗਰੁੱਪ ਬਣਾ ਕੇ ਤਾਲਮੇਲ ਨਾਲ ਕੰਮ ਕਰ ਰਹੇ ਹਨ। ਆਸਟ੍ਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ਼ ਦੇ ਮੱਧ-ਉੱਤਰੀ ਕਿਨਾਰੇ ਸਥਿਤ ਕੌਫਸ ਹਾਰਬਰ ਲੰਬੇ ਸਮੇਂ ਤੋਂ ਫਸਲਾਂ ਲਈ ਪ੍ਰਸਿੱਧ ਮੰਨਿਆ ਗਿਆ ਹੈ। ਇੱਥੇ ਪੰਜਾਬੀਆਂ ਦੇ ਪਹਿਲਾਂ ਗੰਨੇ ਅਤੇ ਕੇਲੇ ਦੇ ਫਾਰਮ ਸਨ। ਹੁਣ ਮਹਿੰਗੇ ਭਾਅ ਵਿਰਗੀ ਬਲੂ ਬੇਰੀ ਦੇ ਖੇਤ ਨਜ਼ਰ ਆਉਂਦੇ ਹਨ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਤੇਜ਼ੀ ਨਾਲ ਵਧ ਰਹੀ ਬਲੂ ਬੇਰੀ ਉਤਪਾਦਨ ਦੀ ਮੰਗ 'ਚ 85 ਫੀਸਦੀ ਤੋਂ ਜ਼ਿਆਦਾ ਹਿੱਸਾ ਇਕੱਲੇ ਕੌਫਸ ਹਾਰਬਰ ਦਾ ਹੈ। 


ਇੰਨਾ ਹੋ ਰਿਹਾ ਹੈ ਕਾਰੋਬਾਰ—
ਇਸ ਖਿੱਤੇ ਵਿਚ ਬਹੁਤ ਹੀ ਸਦਭਾਵਨਾ ਦੇ ਮਾਹੌਲ ਨਾਲ ਇੱਥੇ ਵਸਦੇ ਕਰੀਬ 250 ਪੰਜਾਬੀ ਜੁੜੇ ਹਨ। ਕਰੀਬ 750 ਹੈਕਟੇਅਰ ਰਕਬੇ ਵਿਚ ਬਲੂ ਬੇਰੀ ਦੀ ਖੇਤੀ ਹੁੰਦੀ ਹੈ। ਸਾਲ 2016-17 ਵਿਚ ਉਨ੍ਹਾਂ ਦੇ ਅਦਾਰੇ ਦਾ ਉਤਪਾਦਨ 3500 ਟਨ ਸੀ, ਜੋ ਕਿ ਲੱਗਭਗ 9 ਕਰੋੜ ਡਾਲਰ ਦਾ ਕਾਰੋਬਾਰ ਰਿਹਾ ਹੈ। ਇਸ ਸਾਲ ਇਹ ਕਾਰੋਬਾਰ 11 ਕਰੋੜ ਡਾਲਰ ਤੋਂ ਪਾਰ ਹੋਣ ਦੇ ਆਸਾਰ ਹਨ। ਥੋਕ ਵਿਚ ਬਲੂ ਬੇਰੀ 15 ਤੋਂ 20 ਪ੍ਰਤੀ ਕਿਲੋ ਹੈ, ਜੋ ਕਿ 125 ਗ੍ਰਾਮ ਦੀ ਪੈਕਿੰਗ ਹੈ। ਪੰਜਾਬੀ ਕਿਸਾਨਾਂ ਦਾ ਸਹਿਕਾਰੀ ਗਰੁੱਪ ਹੁਣ ਹਾਂਗਕਾਂਗ, ਸਿੰਗਾਪੁਰ, ਚੀਨ ਅਤੇ ਮੱਧ ਪੂਰਬ ਦੇਸ਼ਾਂ ਨੂੰ ਬਲੂ ਬੇਰੀ ਬਰਾਮਦ ਕਰ ਰਿਹਾ ਹੈ। ਅਮਰੀਕਾ ਦੇ ਸ਼ਹਿਰ ਫਲੋਰੀਡਾ, ਕੈਲੇਫੋਰਨੀਆ ਅਤੇ ਕੈਨੇਡਾ ਦੇ ਐਬਸਫੋਰਡ, ਓਲੀਵਰ ਸ਼ਹਿਰ ਦੇ ਨੀਮ ਮੈਦਾਨੀ ਖੇਤਰਾਂ ਵਿਚ ਵੀ ਪੰਜਾਬੀਆਂ ਦੇ ਬਲੂ ਬੇਰੀ ਦੇ ਵੱਡੇ ਫਾਰਮ ਹਨ। 
ਕੀ ਹੈ ਬਲੂ ਬੇਰੀ 'ਚ ਖਾਸ—
ਅਮਰੀਕਾ 'ਚ 4 ਸਾਲ ਪਹਿਲਾਂ ਬਲੂ ਬੇਰੀ ਦੀ ਖੋਜ ਕੀਤੀ ਗਈ ਸੀ। ਬਲੂ ਬੇਰੀ ਵਿਚ ਬਹੁਤ ਵਧ ਮਾਤਰਾ ਵਿਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਕਿ ਬਲੱਡ ਪ੍ਰੈੱਸ਼ਰ, ਕੈਂਸਰ ਅਤੇ ਹੋਰ ਬੀਮਾਰੀਆਂ ਦੀ ਰੋਕਥਾਮ ਲਈ ਫਾਇਦੇਮੰਦ ਹਨ।