'ਤੇਰਾ-ਤੇਰਾ' ਸੰਸਥਾ ਨੇ ਮੈਲਬੌਰਨ 'ਚ ਲਾਇਆ ਖੂਨ ਦਾਨ ਕੈਂਪ

06/21/2018 11:57:11 AM

ਮੈਲਬੌਰਨ (ਮਨਦੀਪ ਸੈਣੀ)— 'ਤੇਰਾ-ਤੇਰਾ' ਸੰਸਥਾ ਵੱਲੋਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਇਲਾਕੇ ਏਅਰਪੋਰਟ ਵੈਸਟ ਵਿਖੇ 16 ਜੂਨ ਨੂੰ 8ਵਾਂ ਖੂਨ ਦਾਨ ਕੈਂਪ ਲਾਇਆ ਗਿਆ। ਇਸ ਮੌਕੇ 14 ਨੌਜਵਾਨਾਂ ਵੱਲੋਂ ਖੂਨ ਦਾਨ ਕੀਤਾ ਗਿਆ। ਤੇਰਾ-ਤੇਰਾ ਨੌਜਵਾਨਾਂ ਵੱਲੋਂ ਬਣਾਈ ਗਈ ਇਕ ਸੰਸਥਾ ਹੈ, ਜੋ ਸਮੇਂ-ਸਮੇਂ 'ਤੇ ਖੂਨ ਦਾਨ ਕੈਂਪ ਲਾ ਕੇ ਆਸਟ੍ਰੇਲੀਆ ਰੈੱਡ ਕਰਾਸ ਦੀ ਮਦਦ ਕਰਦੀ ਹੈ। ਇਸ ਮੌਕੇ ਪ੍ਰਧਾਨ ਪ੍ਰਿਤਪਾਲ ਸੰਧੂ ਨੇ ਦੱਸਿਆ ਕਿ ਨੌਜਵਾਨ ਲੜਕੇ-ਲੜਕੀਆਂ ਵਿਚ ਇਸ ਸ਼ਲਾਘਾਯੋਗ ਕੰਮ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 9ਵਾਂ ਅਤੇ 10ਵਾਂ ਕੈਂਪ ਮੈਲਬੌਰਨ ਸ਼ਹਿਰ ਵਿਚ 24 ਜੂਨ ਐਤਵਾਰ ਅਤੇ 21 ਜੁਲਾਈ ਸ਼ਨੀਵਾਰ ਨੂੰ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀਆਂ ਦਾ ਖੂਨ ਦਾਨ ਪ੍ਰਤੀ ਉਤਸ਼ਾਹ ਦੇਖਦੇ ਹੋਏ ਉਹ ਜਲਦੀ ਹੀ ਮੈਲਬੌਰਨ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਅਜਿਹੇ ਕੈਂਪ ਲਾਉਣ ਦੀਆਂ ਤਰੀਕਾਂ ਦਾ ਐਲਾਨ ਕਰਨਗੇ। ਇਸ ਮੌਕੇ ਪ੍ਰਧਾਨ ਪ੍ਰਿਤਪਾਲ ਸਿੰਘ ਸੰਧੂ, ਵਾਈਸ ਪ੍ਰੈਜੀਡੈਂਟ ਕਰਨ ਕੁਮਾਰ, ਕੰਵਲਜੀਤ ਸਿੰਘ, ਰਾਏਵਿੰਦਰ, ਰੋਹਿਤ ਕੁਮਾਰ, ਜਤਿੰਦਰ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ, ਜਤਿੰਦਰ ਢੰਡੀਆਂ, ਪ੍ਰਣਵ ਚੀਮਾ, ਜੁਗਰਾਜ ਸਿੰਘ, ਸੁਖਜੋਤ ਸਿੰਘ, ਰਮਨਦੀਪ ਸਿੰਘ ਹਾਜ਼ਰ ਸਨ।