ਅਫਗਾਨਿਸਤਾਨ ''ਚ ਧਮਾਕਾ, 5 ਪੁਲਸ ਮੁਲਾਜ਼ਮ ਹਲਾਕ

05/04/2020 4:27:39 PM

ਲਸ਼ਕਰ ਗਾਹ- ਅਫਗਾਨਿਸਤਾਨ ਦੇ ਹੇਲਮੰਦ ਸੂਬੇ ਵਿਚ ਆਤਮਘਾਤੀ ਕਾਰ ਬੰਬ ਧਮਾਕੇ ਵਿਚ ਸੁਰੱਖਿਆ ਬਲਾਂ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ। ਸੂਬਾਈ ਸਰਕਾਰ ਦੇ ਬੁਲਾਰੇ ਉਮਰ ਜਵਾਕ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਰਾਤ ਨਾਹਰੀ ਸਰਰਾਜ ਜ਼ਿਲੇ ਦੇ ਯੇਕਚਲ ਇਲਾਕੇ ਵਿਚ ਸਥਿਤ ਇਕ ਫੌਜੀ ਕੈਂਪ ਵਿਚ ਇਕ ਵਿਅਕਤੀ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਨੂੰ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ। ਕਾਰ ਵਿਚ ਬੈਠੇ ਵਿਅਕਤੀ ਦੇ ਸੁਰੱਖਿਆ ਸਿਗਨਲ ਦੀ ਅਣਦੇਖੀ ਕਰਨ 'ਤੇ ਸੁਰੱਖਿਆ ਬਲਾਂ ਨੇ ਵਾਹਨ 'ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਕਾਰ ਵਿਚ ਬੈਠੇ ਵਿਅਕਤੀ ਨੇ ਕੈਂਪ ਦੇ ਮੇਨ ਗੇਟ ਦੇ ਕੋਲ ਵਾਹਨ ਵਿਚ ਧਮਾਕਾ ਕਰ ਦਿੱਤਾ। ਧਮਾਕੇ ਵਿਚ ਫੌਜੀ ਕੈਂਪ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ ਹੈ।

ਅਫਗਾਨਿਸਤਾਨ ਦਾ ਹੇਲਮੰਦ ਸੂਬਾ ਅੱਤਵਾਦੀ ਸਮੂਹ ਤਾਲਿਬਾਨ ਦਾ ਗੜ੍ਹ ਮੰਨਿਆ ਜਾਂਦਾ ਹੈ। ਅਧਿਕਾਰੀ ਨੇ ਇਸ ਹਮਲੇ ਦੇ ਲਈ ਤਾਲਿਬਾਨ ਨੂੰ ਜ਼ਿੰਮੇਦਾਰ ਠਹਿਰਾਇਆ ਜਦਿਕ ਅੱਤਵਾਦੀ ਸਮੂਹ ਨੇ ਧਮਾਕੇ ਦੇ ਸਬੰਧ ਵਿਚ ਅਜੇ ਕੋਈ ਦਾਅਵਾ ਨਹੀਂ ਕੀਤਾ ਹੈ। ਇਸ ਵਿਚਾਲੇ ਸੂਬਾਈ ਪੁਲਸ ਬੁਲਾਰੇ ਜਮਾਲ ਬਰਾਕਜ਼ਈ ਨੇ ਦੱਸਿਆ ਕਿ ਸੋਮਵਾਰ ਸਵੇਰੇ ਗੁਆਂਢ ਦੇ ਕੰਧਾਰ ਸੂਬੇ ਦੇ ਕੰਧਾਰ ਸ਼ਹਿਰ ਵਿਚ ਬੰਦੂਕਧਾਰੀਆਂ ਨੇ ਇਕ ਮਹਿਲਾ ਪੁਲਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।


Baljit Singh

Content Editor

Related News