ਕਾਲਾ ਪਾਣੀ ਭਾਰਤ ਤੇ ਨੇਪਾਲ ਵਿਚਾਲੇ ਦਾ ਮੁੱਦਾ : ਚੀਨ

05/19/2020 9:22:32 PM

ਬੀਜ਼ਿੰਗ (ਭਾਸ਼ਾ) - ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਕਾਲਾ ਪਾਣੀ ਸਰਹੱਦ ਦਾ ਮੁੱਦਾ ਭਾਰਤ ਅਤੇ ਨੇਪਾਲ ਵਿਚਾਲੇ ਦਾ ਹੈ ਅਤੇ ਉਮੀਦ ਜਤਾਈ ਕਿ ਦੋਵੇਂ ਗੁਆਂਢੀ ਦੇਸ਼ ਇਕ ਪਾਸੜ ਕਦਮ ਚੁੱਕਣ ਤੋਂ ਪਰਹੇਜ਼ ਕਰਨਗੇ ਅਤੇ ਦੋਸਤੀਪੂਰਣ ਢੰਗ ਨਾਲ ਆਪਣੇ ਇਸ ਵਿਵਾਦ ਨੂੰ ਹੱਲ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ੀਆਨ ਨੇ ਪੱਤਰਕਾਰ ਸੰਮੇਲਨ ਵਿਚ ਇਹ ਟਿੱਪਣੀ ਕੀਤੀ। ਉਹ ਸਰਹੱਦ ਨੂੰ ਲੈ ਭਾਰਤ-ਨੇਪਾਲ ਵਿਚਾਲੇ ਵਿਰੋਧ ਅਤੇ ਭਾਰਤੀ ਫੌਜ ਪ੍ਰਮੁੱਖ ਐਮ. ਐਮ. ਨਰਵਣੇ ਦੀ ਟਿੱਪਣੀ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।

ਨਰਵਣੇ ਨੇ ਕਿਹਾ ਸੀ ਕਿ ਨੇਪਾਲ ਕਿਸੇ ਹੋਰ ਦੇ ਇਸ਼ਾਰੇ 'ਤੇ ਭਾਰਤ ਵੱਲੋਂ ਬਣਾਈ ਨਵੀਂ ਸੜਕ 'ਤੇ ਇਤਰਾਜ਼ ਜ਼ਾਹਿਰ ਕਰ ਰਿਹਾ ਹੈ। ਲਿਜ਼ੀਆਨ ਨੇ ਕਿਹਾ ਕਿ ਕਾਲਾ ਪਾਣੀ ਨੇਪਾਲ ਅਤੇ ਭਾਰਤ ਵਿਚਾਲੇ ਦਾ ਮੁੱਦਾ ਹੈ ਅਤੇ ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ ਦੋਸਤੀਪੂਰਣ ਢੰਗ ਨਾਲ ਆਪਣੇ ਵਿਵਾਦ ਨੂੰ ਹੱਲ ਕਰ ਲੈਣਗੇ। ਲਿਜ਼ੀਆਨ ਨੇ ਇਹ ਵੀ ਕਿਹਾ ਕਿ ਨੇਪਾਲ ਅਤੇ ਭਾਰਤ ਨੂੰ ਸਥਿਤੀ ਨੂੰ ਮੁਸ਼ਕਿਲ ਬਣਾਉਣ ਵਾਲੇ ਇਕ ਪਾਸੜ ਕਦਮ ਚੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿਚ ਉਤਰਾਖੰਡ ਵਿਚ ਚੀਨ ਦੇ ਨਾਲ ਲੱਗੀ ਸਰਹੱਦ ਕੋਲ ਰਣਨੀਤਕ ਰੂਪ ਤੋਂ ਅਹਿਮ 80 ਕਿਲੋਮੀਟਰ ਸੜਕ ਨੂੰ ਖੋਲਿਆ ਸੀ। ਨੇਪਾਲ ਨੇ ਸੜਕ ਨੂੰ ਖੋਲ੍ਹੇ ਜਾਣ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਇਕ ਪਾਸੜ ਕਦਮ ਸਰਹੱਦੀ ਮੁੱਦਿਆਂ ਨੂੰ ਹੱਲ ਕਰਨ ਲਈ ਦੋਹਾਂ ਦੇਸ਼ਾਂ ਵਿਚਾਲੇ ਬਣੀ ਸਹਿਮਤੀ ਖਿਲਾਫ ਹੈ।


Khushdeep Jassi

Content Editor

Related News