ਪਾਕਿ ਨੂੰ ਗੈਰ-ਫੌਜੀ ਸਹਾਇਤਾ ਬੰਦ ਕਰਨ ਲਈ ਅਮਰੀਕੀ ਸੰਸਦ ''ਚ ਬਿੱਲ ਪੇਸ਼

02/06/2018 9:58:48 AM

ਵਾਸ਼ਿੰਗਟਨ(ਭਾਸ਼ਾ)— ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ 'ਮੁਹੱਈਆ ਕਰਾਈ ਜਾ ਰਹੀ ਫੌਜੀ ਸਹਾਇਤਾ ਅਤੇ ਖੁਫੀਆ ਮਦਦ' ਦੇ ਮੱਦੇਨਜ਼ਰ ਉਸ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਗੈਰ-ਫੌਜੀ ਸਹਾਇਤਾ ਬੰਦ ਕਰਨ ਲਈ ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਅੱਜ ਇਕ ਬਿੱਲ ਪੇਸ਼ ਕੀਤਾ ਗਿਆ। ਬਿੱਲ ਵਿਚ ਮੰਗ ਕੀਤੀ ਗਈ ਹੈ ਕਿ ਇਸ ਰਾਸ਼ੀ ਨੂੰ ਅਮਰੀਕਾ ਵਿਚ ਬੁਨਿਆਦੀ ਢਾਂਚੇ ਨਾਲ ਸਬੰਧਤ ਪਰਿਯੋਜਨਾਵਾਂ 'ਤੇ ਖਰਚ ਕੀਤਾ ਜਾਵੇ। ਇਸ ਬਿੱਲ ਨੂੰ ਸਾਊਥ ਕੈਰੋਲੀਨਾ ਤੋਂ ਕਾਂਗਰਸ ਦੇ ਮੈਂਬਰ ਮਾਰਕ ਸੈਨਫੋਰਡ ਅਤੇ ਕੇਂਟਕੀ ਤੋਂ ਸੰਸਦ ਮੈਂਬਰ ਥੋਮਸ ਮੈਸੀ ਨੇ ਪੇਸ਼ ਕੀਤਾ। ਇਹ ਬਿੱਲ ਅਮਰੀਕੀ ਵਿਦੇਸ਼ ਮੰਤਰਾਲੇ ਅਤੇ 'ਯੂਨਾਈਟਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡੈਵਲਪਮੈਂਟ' (ਯੂ. ਐਸ. ਏ. ਆਈ. ਡੀ) 'ਤੇ ਅਮਰੀਕੀ ਟੈਕਸਦਾਤਾਵਾਂ ਦੀ ਕਮਾਈ ਪਾਕਿਸਤਾਨ ਭੇਜਣ 'ਤੇ ਰੋਕ ਲਗਾਉਣ ਦੀ ਗੱਲ ਕਰਦਾ ਹੈ। ਇਸ ਬਿੱਲ ਵਿਚ ਇਸ ਰਾਸ਼ੀ ਨੂੰ 'ਹਾਈਵੇਅ ਟਰੱਸਟ ਫੰਡ' ਵਿਚ ਭੇਜੇ ਜਾਣ ਦੀ ਗੱਲ ਕੀਤੀ ਗਈ ਹੈ।
ਸੰਸਦ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ 'ਜਾਨਬੁੱਝ ਕੇ' ਅੱਤਵਾਦੀਆਂ ਨੂੰ ਸੰਸਾਧਨ ਮੁਹੱਈਆ ਕਰਾਉਂਦਾ ਹੈ। ਮੈਸੀ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੀ ਸਰਕਾਰ ਨੂੰ ਧਨ ਨਹੀਂ ਦੇਣਾ ਚਾਹੀਦਾ ਜੋ 'ਅੱਤਵਾਦੀਆਂ ਨੂੰ ਫੌਜੀ ਸਹਾਇਤਾ ਅਤੇ ਖੁਫੀਆ ਜਾਣਕਾਰੀ ਮੁਹੱਈਆ ਕਰਾਉਂਦੀ ਹੈ।' ਸੈਨਫੋਰਡ ਨੇ ਕਿਹਾ ਕਿ ਅਮਰੀਕੀ ਲੋਕ ਹੋਰ ਰਾਸ਼ਟਰਾਂ ਦੀ ਮਦਦ ਕਰਦੇ ਹਨ ਪਰ ਅਮਰੀਕੀ ਟੈਕਸਦਾਤਾਵਾਂ ਦੇ ਧਨ ਦਾ ਇਸਤੇਮਾਲ ਅੱਤਵਾਦੀਆਂ ਨੂੰ ਸਨਮਾਨਿਤ ਕਰਨ ਲਈ ਨਹੀਂ ਕੀਤਾ ਜਾਣਾ ਚਾਹੀਦਾ। ਸੈਨੇਟ ਵਿਚ ਅਜਿਹਾ ਹੀ ਬਿੱਲ ਪੇਸ਼ ਕਰਨ ਵਾਲੇ ਸੀਨੇਟਰ ਰੈਂਡ ਪੋਲ ਨੇ ਕਿਹਾ, 'ਅਸੀਂ ਆਪਣੇ ਦੇਸ਼ ਅਤੇ ਦੇਸ਼ ਦੇ ਟੈਕਸਦਾਤਾਵਾਂ ਦੀ ਮਿਹਨਤ ਦੀ ਕਮਾਈ ਦੀ ਰੱਖਿਆ ਕਰਨ ਵਿਚ ਅਸਫਲ ਰਹੇ ਹਾਂ, ਕਿਉਂਕਿ ਅਸੀਂ ਜਿਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਦੇ ਹਾਂ। ਉਹ ਅਮਰੀਕਾ ਵਿਰੁੱਧ ਨਾਅਰੇ ਲਗਾਉਂਦੇ ਹਨ ਹਨ।' ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨੂੰ ਇਸਾਈਆਂ 'ਤੇ ਜ਼ੁਲਮ ਕਰਨ ਵਾਲੇ ਅਤੇ ਓਸਾਮਾ ਬਿਨ ਲਾਦੇਨ ਨੂੰ ਫੜਨ ਵਿਚ ਅਮਰੀਕਾ ਦੀ ਮਦਦ ਕਰਨ ਵਾਲੇ ਡਾਟਕਰ ਵਰਗੇ ਲੋਕਾਂ ਨੂੰ ਜੇਲ ਵਿਚ ਰੱਖਣ ਵਾਲੇ ਦੇਸ਼ ਨੂੰ ਦੇਣ ਦੀ ਬਜਾਇ ਆਪਣੇ ਦੇਸ਼ ਵਿਚ ਲਗਾਇਆ ਜਾਣਾ ਚਾਹੀਦਾ ਹੈ। ਇਸ ਨੂੰ ਆਪਣੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਦੁਬਾਰਾ ਨਿਰਮਾਣ ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।