ਬ੍ਰਿਟੇਨ ਚੋਣਾਂ : ਬੋਰਿਸ ਜਾਨਸਨ ਨੂੰ ਟੱਕਰ ਦੇ ਰਿਹੈ 25 ਸਾਲਾ ਵਿਦੇਸ਼ੀ ਨੌਜਵਾਨ

12/12/2019 12:40:48 PM

ਲੰਡਨ, (ਏਜੰਸੀ)— ਬ੍ਰਿਟੇਨ 'ਚ ਅੱਜ ਆਮ ਚੋਣਾਂ ਹੋ ਰਹੀਆਂ ਹਨ ਤੇ ਇਨ੍ਹਾਂ ਚੋਣਾਂ 'ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅਤੇ ਲੇਬਰ ਪਾਰਟੀ ਵਿਚਾਲੇ ਸਖਤ ਮੁਕਾਬਲਾ ਹੈ। ਪੀ. ਐੱਮ. ਬੋਰਿਸ ਜਾਨਸਨ ਲਈ ਵੱਡੀ ਚਿੰਤਾ ਦਾ ਕਾਰਨ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨਹੀਂ ਸਗੋਂ ਅਲੀ ਮਿਲਾਨੀ ਬਣੇ ਹੋਏ ਹਨ ਕਿਉਂਕਿ ਅਲੀ ਉਨ੍ਹਾਂ ਦੇ ਹਲਕੇ ਯੂਕਸਬ੍ਰਿਜ ਅਤੇ ਸਾਊਥ ਰੂਈਸਲਿਪ ਤੋਂ ਖੜ੍ਹੇ ਹਨ। 25 ਸਾਲਾ ਅਲੀ ਮਿਲਾਨੀ ਈਰਾਨ 'ਚ ਜੰਮੇ ਹਨ ਪਰ 5 ਸਾਲ ਦੀ ਉਮਰ 'ਚ ਉਹ ਬ੍ਰਿਟੇਨ ਆ ਗਏ ਸਨ। ਉਸ ਸਮੇਂ ਉਨ੍ਹਾਂ ਨੂੰ ਅੰਗਰੇਜ਼ੀ ਦਾ ਇਕ ਸ਼ਬਦ ਵੀ ਨਹੀਂ ਆਉਂਦਾ ਸੀ ਤੇ ਹੁਣ ਉਹ ਬ੍ਰਿਟੇਨ ਪੀ. ਐੱਮ. ਲਈ ਖਤਰਾ ਬਣੇ ਹੋਏ ਹਨ।



ਅਲੀ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਨੂੰ ਇੱਥੋਂ ਦੇ ਲੋਕਾਂ, ਸਕੂਲਾਂ ਅਤੇ ਇੱਥੋਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਜਿੱਤ 'ਤੇ ਪੂਰਾ ਵਿਸ਼ਵਾਸ ਹੈ। ਚੋਣ ਪ੍ਰਚਾਰ ਸਮੇਂ ਅੱਧੀ ਰਾਤ ਤਕ ਉਹ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਵੋਟਾਂ ਮੰਗਦੇ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਪੱਛਮੀ ਲੰਡਨ ਦੀ ਯੂਕਸਬ੍ਰਿਜ ਅਤੇ ਸਾਊਥ ਰੂਈਸਲਿਪ ਸੰਸਦੀ ਸੀਟ ਤੋਂ ਜਾਨਸਨ ਸਾਲ 2015 ਤੋਂ ਸੰਸਦ ਮੈਂਬਰ ਹਨ, ਜੇਕਰ ਇਹ ਸੀਟ ਅਲੀ ਜਿੱਤਦੇ ਹਨ ਤਾਂ ਵਿਅਕਤੀਗਤ ਤੌਰ 'ਤੇ ਜਾਨਸਨ ਲਈ ਇਹ ਵੱਡੀ ਹਾਰ ਹੋਵੇਗੀ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਜਾਨਸਨ ਕੋਲ ਇਸ ਸੀਟ ਤੋਂ ਸਿਰਫ 5034 ਦਾ ਬਹੁਮਤ ਹੈ। 1924 ਤੋਂ ਬਾਅਦ ਕਿਸੇ ਵੀ ਪ੍ਰਧਾਨ ਮੰਤਰੀ ਕੋਲ ਇੰਨਾ ਘੱਟ ਬਹੁਮਤ ਕਦੇ ਨਹੀਂ ਰਿਹਾ। ਅਲੀ ਇਸ ਸੀਟ 'ਤੇ ਖੁਦ ਨੂੰ ਸਥਾਨਕ ਉਮੀਦਵਾਰ ਦੇ ਰੂਪ 'ਚ ਪੇਸ਼ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਪ੍ਰਚਾਰ ਮੁਹਿੰਮ 'ਚ ਵਧੇਰੇ ਨੌਜਵਾਨ ਦਿਖਾਈ ਦੇ ਰਹੇ ਹਨ।

ਅਲੀ ਯੂਕਸਬ੍ਰਿਜ ਮਾਡਰਨ ਬਰੂਨਲ ਯੂਨੀਵਰਸਿਟੀ ਤੋਂ ਰਾਜਨੀਤੀ 'ਚ ਪੜ੍ਹਾਈ ਕਰ ਚੁੱਕੇ ਹਨ। ਆਪਣੇ ਪ੍ਰਭਾਵਸ਼ਾਲੀ ਚੋਣਾਵੀ ਭਾਸ਼ਣ ਕਾਰਨ ਉਹ 'ਨੈਸ਼ਨਲ ਯੂਨੀਅਨ ਆਫ ਸਟੂਡੈਂਟਸ' 'ਚ ਵੱਡਾ ਚਿਹਰਾ ਹਨ। ਇਸੇ ਕਾਰਨ ਨੌਜਵਾਨਾਂ 'ਚ ਉਨ੍ਹਾਂ ਦਾ ਦਬਦਬਾ ਦਿਖਾਈ ਦਿੰਦਾ ਹੈ। ਫਿਲਹਾਲ ਇਹ ਤਾਂ ਨਤੀਜੇ ਹੀ ਦੱਸਣਗੇ ਕਿ ਕਿਸ ਪਾਰਟੀ ਦੀ ਝੋਲੀ ਇਹ ਸੀਟ ਜਾਂਦੀ ਹੈ। ਇੱਥੇ ਲਗਭਗ 46 ਮਿਲੀਅਨ ਵੋਟਰ 650 ਐੱਮ. ਪੀਜ਼. ਦੀ ਚੋਣ ਕਰਨਗੇ। ਕਿਸੇ ਵੀ ਪਾਰਟੀ ਨੂੰ ਜਿੱਤਣ ਲਈ 326 ਸੀਟਾਂ ਜਿੱਤਣ ਦੀ ਜ਼ਰੂਰਤ ਹੈ।