ਦੋ ਸਾਲਾਂ ਤੱਕ ਕੋਰੋਨਾ ਦੇ ਖਤਮ ਹੋਣ ਦੀ ਆਸ, ਜਾਣੋ ਦੁਨੀਆ ਭਰ ਦੀਆਂ ਵੱਡੀਆਂ ਖਬਰਾਂ

08/23/2020 1:56:11 AM

ਜਲੰਧਰ: ਵਿਸ਼ਵ ਸਿਹਤ ਸੰਗਠਨ ਨੇ ਉਮੀਦ ਜਤਾਈ ਹੈ ਕਿ ਕੋਰੋਨਾ ਵਾਇਰਸ ਦੀ ਇਹ ਮਹਾਮਾਰੀ ਦੋ ਸਾਲਾਂ ਵਿਚ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸ਼ਾਇਦ ਦੋ ਸਾਲ ਤੋਂ ਵੀ ਘੱਟ ਸਮੇਂ ਵਿਚ ਖਤਮ ਕੀਤੀ ਜਾ ਸਕਦੀ ਹੈ ਕਿਉਂਕਿ ਸਾਰੀ ਦੁਨੀਆ ਇਕਜੁੱਟ ਹੋ ਕੇ ਕੋਰੋਨਾ ਵਾਇਰਸ ਦੇ ਇਲਾਜ ਲਈ ਟੀਕੇ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ 1918 ਵਿਚ ਸ਼ੁਰੂ ਹੋਇਆ ਸਪੈਨਿਸ਼ ਫਲੂ ਦੋ ਸਾਲਾਂ ਵਿਚ ਖਤਮ ਹੋਇਆ ਸੀ ਤੇ ਕੋਰੋਨਾ ਉਸ ਤੋਂ ਵੀ ਜਲਦੀ ਖਤਮ ਹੋ ਜਾਵੇਗਾ।

FATF ਦੇ ਐਕਸ਼ਨ ਤੋਂ ਡਰੇ ਪਾਕਿ ਦਾ ਕਲੂਬਨਾਮਾ
ਅੱਤਵਾਦੀ ਫੰਡਿੰਗ ਦੀ ਨਿਗਰਾਨੀ ਰੱਖਣ ਵਾਲੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅਖੀਰ ਮੰਨ ਲਿਆ ਹੈ ਕਿ ਖਤਰਨਾਕ ਅੱਤਵਾਦੀਆਂ ਹਾਫਿਜ਼ ਸਈਦ ਤੇ ਮਸੂਦ ਅਜ਼ਹਰ ਸਣੇ ਦਾਊਦ ਇਬਰਾਹੀਮ ਵੀ ਪਾਕਿਸਤਾਨ ਵਿਚ ਹੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀਆਂ ਤੇ ਸੰਗਠਨਾਂ 'ਤੇ ਪਾਬੰਦੀਆਂ ਹੋਰ ਵਧਾ ਦਿੱਤੀਆਂ ਹਨ।

ਬ੍ਰਿਟੇਨ 'ਚ ਨਿਲਾਮ ਹੋਇਆ ਮਹਾਤਮਾ ਗਾਂਧੀ ਦਾ ਚਸ਼ਮਾ
ਬ੍ਰਿਟੇਨ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਚਮਸ਼ੇ ਨੂੰ ਨਿਲਾਮ ਕੀਤਾ ਗਿਆ। ਸ਼ੁੱਕਰਵਾਰ ਨੂੰ ਆਨਲਾਈਨ ਹੋਈ ਇਸ ਨਿਲਾਮੀ ਵਿਚ ਗਾਂਧੀ ਜੀ ਦੇ ਚਸ਼ਮੇ ਨੂੰ ਮਹਿਜ 6 ਮਿੰਟ ਦੀ ਬੋਲੀ ਤੋਂ ਬਾਅਦ ਇਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਰੁਪਏ 'ਚ ਖਰੀਦਿਆ ਗਿਆ। ਇਹ ਨਿਲਾਮੀ ਈਸਟ ਬ੍ਰਿਸਟਲ ਆਕਸ਼ਨਸ ਏਜੰਸੀ ਵਲੋਂ ਹੋਈ ਹੈ। ਓਧਰ ਨਿਲਾਮੀਕਰਤਾ ਐਂਡੀ ਸਟੋਵ ਨੇ ਕਿਹਾ ਕਿ ਇਸ ਨਿਲਾਮੀ ਨਾਲ ਕੰਪਨੀ ਦੇ ਨਾਮ ਇਕ ਵੱਖਰਾ ਰਿਕਾਰਡ ਬਣ ਗਿਆ ਹੈ।

ਪਾਕਿਸਤਾਨ: ਹਿੰਦੂ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਕੇ ਕੀਤਾ ਨਿਕਾਹ
ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਲਗਾਤਾਰ ਅੱਤਿਆਚਾਰ ਜਾਰੀ ਹਨ। ਰਿਪੋਰਟਾਂ ਦੇ ਅਨੁਸਾਰ ਸਿੰਧ ਦੇ ਸਮਾਰੋ ਵਿੱਚ ਰਹਿਣ ਵਾਲੀ ਹਿੰਦੂ ਕੁੜੀ ਰਾਮ ਬਾਈ ਨੂੰ ਪਹਿਲਾਂ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਾਇਆ ਗਿਆ। ਬਾਅਦ ਵਿੱਚ ਵਡੇਰੀ ਉਮਰ ਦੇ ਵਿਅਕਤੀ  ਅਬਦੁੱਲਾ ਨਾਲ ਉਸਦਾ ਨਿਕਾਹ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਅਬਦੁੱਲਾ ਪਹਿਲਾਂ ਹੀ ਵਿਆਇਆ ਹੋਇਆ ਸੀ ਅਤੇ ਉਸਦੇ ਬੱਚੇ ਰਾਮ ਬਾਈ ਤੋਂ  ਵੀ ਵੱਡੇ ਹਨ।ਜਦੋਂ ਰਾਮ ਬਾਈ ਦੇ ਪਰਿਵਾਰ ਨੇ ਇਸਦਾ ਵਿਰੋਧ ਕੀਤਾ ਆਪਣੀ ਧੀ ਵਾਪਸ ਕਰਨ ਲਈ ਕਿਹਾ ਤਾਂ ਉਹਨਾਂ ਖ਼ਿਲਾਫ਼ ਮੀਰਪੁਰ ਦੀ ਸੈਸ਼ਨ ਕੋਰਟ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਗਿਆ।

ਦੁਨੀਆ 'ਚ ਕੋਰੋਨਾ ਵਾਇਰਸ ਨੇ ਲਈ 8 ਲੱਖ ਲੋਕਾਂ ਦੀ ਜਾਨ
ਵਿਸ਼ਵ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ 8 ਲੱਖ ਹੋ ਗਈ ਤੇ ਤਕਰੀਬਨ 2 ਕਰੋੜ 30 ਲੱਖ ਲੋਕ ਹੁਣ ਤੱਕ ਇਸ ਘਾਤਕ ਇਨਫੈਕਸ਼ਨ ਦੀ ਚਪੇਟ ਵਿਚ ਆ ਚੁੱਕੇ ਹਨ। ਮ੍ਰਿਤਕਾਂ ਤੇ ਇਨਫੈਕਟਿਡ ਲੋਕਾਂ ਦੀ ਇਹ ਉਹ ਅੰਕੜਾ ਹੈ ਜਿਥੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਅਸਲ ਗਿਣਤੀ ਇਸ ਤੋਂ ਵਧੇਰੇ ਹੋ ਸਕਦੀ ਹੈ।

ਦੱਖਣੀ ਸੁਡਾਨ 'ਚ ਜਹਾਜ਼ ਹਾਦਸੇ ਦੌਰਾਨ 17 ਲੋਕਾਂ ਦੀ ਮੌਤ
ਦੱਖਣੀ ਸੁਡਾਨ ਦੇ ਜੁਬਾ ਹਵਾਈ ਅੱਡੇ ਤੋਂ ਸ਼ਨੀਵਾਰ ਸਵੇਰੇ ਟੇਕਆਫ ਕਰਨ ਤੋਂ ਤੁਰੰਤ ਬਾਅਦ ਇਕ ਕਾਰਗੋ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਣ 17 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਦੀ ਜਾਨ ਇਸ ਹਾਦਸੇ ਦੌਰਾਨ ਬਚ ਗਈ। ਉਸਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਸਾਊਥ-ਵੈਸਟ ਏਵੀਏਸ਼ਨ ਨਾਲ ਸਬੰਧਤ ਕਾਰਗੋ ਜਹਾਜ਼ ਜੂਬਾ ਦੇ ਹੈਈ ਰੈਫਰੈਂਡਮ ਰਿਹਾਇਸ਼ੀ ਖੇਤਰ ਦੇ ਨੇੜੇ ਕ੍ਰੈਸ਼ ਹੋਇਆ ਸੀ।

ਅਮਰੀਕਾ 'ਚ ਵੀਜ਼ੇ ਦੇ ਨਾਂ 'ਤੇ ਲੋਕਾਂ ਕੋਲੋਂ 2 ਕਰੋੜ ਡਾਲਰ ਠੱਗਣ ਵਾਲਾ ਭਾਰਤੀ ਗ੍ਰਿਫਤਾਰ
ਅਮਰੀਕਾ ਵਿਚ ਇਕ ਭਾਰਤੀ ਨਾਗਰਿਕ ਨੂੰ ਵੀਜ਼ਾ ਧੋਖਾਧੜੀ ਕਰਨ ਤੇ ਲੋਕਾਂ ਕੋਲੋਂ ਪੈਸੇ ਲੁੱਟਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਅਮਰੀਕਾ ਸੰਘੀ ਵਕੀਲਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਜ਼ਾ ਧੋਖਾਧੜੀ ਕਰਕੇ ਉਹ ਐੱਚ. 1 ਬੀ. ਵੀਜ਼ਾ ਦੀ ਵਰਤੋਂ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪ੍ਰੇਰਿਤ ਕਰਦਾ ਸੀ ਤੇ ਉਨ੍ਹਾਂ ਕੋਲੋਂ ਮੋਟੀ ਰਾਸ਼ੀ ਵਸੂਲ ਕਰਦਾ ਸੀ। ਵਕੀਲਾਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਆਸ਼ੀਸ਼ ਸਾਹਨੀ (48) ਨੂੰ ਵੀਰਵਾਰ ਨੂੰ ਫੜਿਆ ਗਿਆ। ਵਕੀਲਾਂ ਦਾ ਦੋਸ਼ ਹੈ ਕਿ ਸਾਹਨੀ ਨੇ 2011 ਤੋਂ 2016 ਵਿਚਕਾਰ ਕਥਿਤ ਰੂਪ ਨਾਲ ਤਕਰੀਬਨ 2 ਕਰੋੜ 10 ਲੱਖ ਡਾਲਰ ਲੋਕਾਂ ਕੋਲੋਂ ਇਕੱਠੇ ਕੀਤੇ।

ਕੈਨੇਡਾ 'ਚ ਬਿਨਾਂ ਇਜਾਜ਼ਤ ਛਾਪੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਸਿੱਖਾਂ 'ਚ ਰੋਸ
ਕੈਨੇਡਾ ਵਿਚ ਸਤਨਾਮ ਐਜੂਕੇਸ਼ਨ ਟਰਸੱਟ ਵਲੋਂ ਆਪਣੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਨਾਂ ਆਗਿਆ ਦੇ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਸਿੱਖ ਸੰਗਤਾਂ ਵਿਚ ਰੋਸ ਹੈ ਕਿਉਂਕਿ ਇਸ ਦੀ ਇਜਾਜ਼ਤ ਕਿਸੇ ਵੀ ਵਿਅਕਤੀ ਨੂੰ ਨਹੀਂ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਪਾਵਨ ਸਰੂਪ ਛਾਪਣ ਬਾਰੇ ਕਿਸੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਿੱਖ ਸੰਸਥਾ ਨੇ ਇਸ ਸਬੰਧੀ ਇਜਾਜ਼ਤ ਨਹੀਂ ਦਿੱਤੀ ਤੇ ਉਨ੍ਹਾਂ ਨੂੰ ਪੁੱਛੇ ਬਿਨਾਂ ਇਹ ਸਭ ਕੰਮ ਹੋਇਆ ਹੈ। ਹਾਲਾਂਕਿ ਸਤਨਾਮ ਟਰੱਸਟ ਦੇ ਨੁਮਾਇੰਦੇ ਆਖ ਰਹੇ ਹਨ ਕਿ ਉਨ੍ਹਾਂ ਕੋਲ ਸ਼੍ਰੋਮਣੀ ਕਮੇਟੀ ਵਲੋਂ ਦਿੱਤੀ ਹੋਈ ਲਿਖਤੀ ਪ੍ਰਵਾਨਗੀ ਹੈ ਪਰ ਇਹ ਦਾਅਵਾ ਝੂਠਾ ਦੱਸਿਆ ਜਾ ਰਿਹਾ ਹੈ। 
 


Baljit Singh

Content Editor

Related News