ਬਾਈਡੇਨ ਨੇ ਦਿੱਤਾ ਹਥਿਆਰਾਂ ’ਤੇ ਪਾਬੰਦੀ ਦਾ ਸੱਦਾ, ਪੁਲਸ ਸੁਧਾਰ ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖ਼ਤ

05/26/2022 11:56:03 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਟੈਕਸਾਸ ਦੇ ਸਕੂਲ ਵਿਚ ਗੋਲੀਬਾਰੀ ਵਿਚ ਬੱਚਿਆਂ ਦੀ ਮੌਤ ’ਤੇ ਗੁੱਸਾ, ਨਿਰਾਸ਼ਾ ਅਤੇ ਦੁੱਖ ਪ੍ਰਗਟਾਉਂਦੇ ਹੋਏ ਹਥਿਆਰਾਂ ’ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਸੱਦਾ ਦਿੱਤਾ। ਬਾਈਡੇਨ ਨੇ ਕਿਹਾ ਕਿ ਇਹ ਸਮਾਂ ਹੈ ਕਿ ਅਸੀਂ ਇਸ ਦੁੱਖ ਨੂੰ ਕਾਰਵਾਈ ਵਿਚ ਬਦਲ ਦਈਏ। ਬੱਚਿਆਂ ਨੂੰ ਗੁਆਉਣ ਨਾਲ ਆਤਮਾ ਨੂੰ ਦੁੱਖ ਪਹੁੰਚਿਆ ਹੈ। ਅਜਿਹਾ ਲੱਗਦਾ ਹੈਕਿ ਇਸ ਵਿਚ ਅਸੀਂ ਫਸ ਗਏ ਹਾਂ ਅਤੇ ਕਦੇ ਬਾਹਰ ਨਹੀਂ ਨਿਕਲ ਸਕਾਂਗੇ।ਬਾਈਡੇਨ ਨੇ ਦੇਸ਼ ਦੀ ਜਨਤਾ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਵਿਚਕਾਰ ਵਿਸ਼ਵਾਸ ਪੈਦਾ ਕਰਨ ਲਈ ਪੁਲਸ ਸੁਧਾਰਾਂ ਸੰਬੰਧੀ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਹਨ। ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਇੱਕ ਉਪਾਅ ਹੈ ਜੋ ਅਸੀਂ ਇਸ ਦੇਸ਼ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਲੈ ਸਕਦੇ ਹਾਂ।

ਵ੍ਹਾਈਟ ਹਾਊਸ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਬਾਈਡੇਨ ਦਾ ਕਾਰਜਕਾਰੀ ਆਦੇਸ਼ ਅਮਰੀਕੀ ਅਟਾਰਨ ਜਨਰਲ ਨੂੰ ਇਕ ਰਾਸ਼ਟਰੀ ਡਾਟਾਬੇਸ ਸਥਾਪਿਤ ਕਰਨ ਦਾ ਨਿਰਦੇਸ਼ ਦਿੰਦਾ ਹੈ, ਜਿਸ ਵਿੱਚ ਪੁਲਸ ਦੇ ਦੁਰਵਿਵਹਾਰ ਦੇ ਰਿਕਾਰਡ ਸ਼ਾਮਲ ਹੋਣਗੇ, ਜੋ ਸਾਰੀਆਂ ਫੈਡਰਲ ਏਜੰਸੀਆਂ ਦੁਆਰਾ ਕਰਮਚਾਰੀਆਂ ਦੀ ਜਾਂਚ ਕਰਨ ਲਈ ਵਰਤੇ ਜਾਣਗੇ। ਰੀਲੀਜ਼ ਵਿੱਚ ਕਿਹਾ ਗਿਆ ਕਿ ਡੇਟਾਬੇਸ ਰਾਜ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਵਰਤੋਂ ਲਈ ਵੀ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਬਾਈਡੇਨ ਨੇ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਜਿਹੀਆਂ ਨੀਤੀਆਂ ਅਪਣਾਉਣ ਲਈ ਵੀ ਨਿਰਦੇਸ਼ ਦਿੱਤੇ ਜੋ ਇਹ ਯਕੀਨੀ ਬਣਾਉਣਗੀਆਂ ਕਿ ਗ੍ਰਿਫ਼ਤਾਰੀਆਂ ਅਤੇ ਤਲਾਸ਼ੀਆਂ ਦੌਰਾਨ ਸਰੀਰ ਨਾਲ ਪਹਿਨੇ ਕੈਮਰੇ ਨੂੰ ਸਰਗਰਮ ਕੀਤਾ ਗਿਆ ਸੀ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਕਾਰਜਕਾਰੀ ਆਦੇਸ਼ ਸੰਘੀ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਚੋਕਹੋਲਡ ਅਤੇ ਕੈਰੋਟਿਡ ਪਾਬੰਦੀਆਂ ਦੀ ਵਰਤੋਂ ਕਰਨ ਤੋਂ ਰੋਕਦਾ ਹੈ ਜਦੋਂ ਤੱਕ ਇਹ ਜ਼ਰੂਰੀ ਨਾ ਹੋਵੇ ਅਤੇ ਇਹ ਖੋਜਾਂ ਦੌਰਾਨ ਘਰਾਂ ਵਿੱਚ ਨੋ-ਨੋਕ ਐਂਟਰੀਆਂ ਦੀ ਵਰਤੋਂ ਨੂੰ ਵੀ ਸੀਮਤ ਕਰਦਾ ਹੈ। 

ਬੰਦੂਕਾਂ ਦੇ ਵੱਖਰੇ ਪਾਰਟਸ ਆਨਲਾਈਨ ਮੰਗਵਾਉਣ ਨਾਲ ਵਧਿਆ ਘੋਸਟ ਗੰਨ ਕਲਚਰ
ਵੱਖਰੇ ਪਾਰਟਸ ਨੂੰ ਮਿਲਾਕੇ ਅਸੈਂਬਲ ਕੀਤੇ ਜਾਣ ਕਾਰਨ ਅਜਿਹੇ ਹਥਿਆਰਾਂ ਦਾ ਕੋਈ ਸੀਰੀਅਲ ਨੰਬਰ ਵੀ ਨਹੀਂ ਹੁੰਦਾ ਹੈ। ਅਜਿਹੇ ਵਿਚ ਇਨ੍ਹਾਂ ਬੰਦੂਕਾਂ ਦਾ ਪਤਾ ਨਹੀਂ ਕੀਤਾ ਜਾ ਸਕਦਾ ਹੈ ਕਿ ਇਨ੍ਹਾਂ ਮਾਲਕ ਕੌਣ ਹੈ। ਇਸ ਤਰ੍ਹਾਂ ਨਾਲ ਅਸੈਂਬਲ ਕਰ ਕੇ ਬਣਾਈਆਂ ਗਈਆਂ ਬੰਦੂਕਾਂ ਨੂੰ ਘੋਸਟ ਗੰਨ ਕਿਹਾ ਜਾਂਦਾ ਹੈ ਭਾਵ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾ ਟਰੈਕ ਨਹੀਂ ਕੀਤਾ ਜਾ ਸਕਦਾ।ਭਾਰਤ ਵਿਚ ਗੰਨ ਖਰੀਦਣ ਲਈ ਆਰਮਸ ਲਾਇਸੰਸ ਦੀ ਲੋੜ ਪੈਂਦੀ ਹੈ ਪਰ ਅਮਰੀਕੀ ਕਾਨੂੰਨ ਮੁਤਾਬਕ ਬੰਦੂਕ ਦੇ ਪਾਰਟਸ ਬਿਨਾਂ ਕਿਸੇ ਲਾਇਸੰਸ ਦੇ ਆਨਲਾਈਨ ਵੀ ਖਰੀਦੇ ਜਾ ਸਕਦੇ ਹਨ। ਅਪਰਾਧੀ ਤਾਂ ਛੱਡੋ, ਬੱਚੇ ਵੀ ਆਨਲਾਈਨ ਆਰਡਰ ਕਰ ਕੇ ਬੰਦੂਕਾਂ ਦੇ ਪੁਰਜੇ ਮੰਗਵਾ ਰਹੇ ਹਨ ਅਤੇ ਘਰ ਵਿਚ ਬੰਦੂਕ ਅਸੈਂਬਲ ਕਰ ਲਈ ਜਾਂਦੀ ਹੈ। ਕ੍ਰਾਈਮ ਸੀਨ ’ਤੇ ਪਾਏ ਜਾਣ ਵਾਲੇ ਹਥਿਆਰਾਂ ਵਿਚੋਂ 50 ਫੀਸਦੀ ਤੱਕ ਇਹ ਨਾਜਾਇਜ਼ ਹਥਿਆਰ ਹੀ ਹੁੰਦੇ ਹਨ। ਪੁਲਸ ਨੇ 25 ਹਜ਼ਾਰ ਅਜਿਹੀਆਂ ਬੰਦੂਕਾਂ ਜ਼ਬਤ ਕੀਤੀਆਂ ਹਨ।

PunjabKesari

ਗੰਨ ਕਲਚਰ ਦਾ ਸ਼ਿਕਾਰ ਮਾਸੂਮ ਕਿਉਂ? 5 ਕਾਰਨ
1. ਅਮਰੀਕਾ ਵਿਚ ਹਥਿਆਰ ਖਰੀਦਣਾ ਦੂਸਰੇ ਦੇਸ਼ਾਂ ਦੇ ਮੁਕਾਬਲੇ ਵਿਚ ਅਤਿਅੰਤ ਸਸਤਾ।
2. ਅਮਰੀਕਾ ਵਿਚ 21 ਸਾਲ ਤੋਂ ਪਹਿਲਾਂ ਸ਼ਰਾਬ ਖਰੀਦਣਾ ਨਾਜਾਇਜ਼ ਹੈ ਪਰ 18 ਸਾਲ ਦੀ ਉਮਰ ਵਿਚ ਪਹਿਲੇ ਬੰਦੂਕ ਅਤੇ ਰਾਇਫਲ ਖਰੀਦਣ ਦੀ ਛੋਟ ਹੈ।
3. ਅਮਰੀਕਾ ਦੇ ਓਪਨ ਕਲਚਰ ਵਿਚ ਬੱਚੇ ਘੱਟ ਉਮਰ ਵਿਚ ਹੀ ਮਨਮਰਜ਼ੀ ਕਰਨ ਲੱਗਦੇ ਹਨ।
4. ਗੰਨ ਕਲਚਰ ਅਮਰੀਕੀ ਰਹਿਣ-ਸਹਿਣ ਦਾ ਹਿੱਸਾ ਬਣਿਆ। ਇਸਦੇ ਲਈ ਕੋਈ ਸਖਤ ਕਾਨੂੰਨ ਨਹੀਂ ਹੈ।
5. 231 ਸਾਲ ਤੋਂ ਬਾਅਦ ਵੀ ਨਹੀਂ ਬਦਲਿਆ ਕਾਨੂੰਨ। 1783 ਵਿਚ ਅਮਰੀਕਾ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਸੰਵਿਧਾਨ ਬਣਇਆ ਅਤੇ 1791 ਵਿਚ ਉਸੇ ਵਿਚ ਲੋਕਾਂ ਨੂੰ ਹਥਿਆਰ ਰੱਖਣ ਦਾ ਅਧਿਕਾਰ ਮਿਲਿਆ।

ਪੜ੍ਹੋ ਇਹ ਅਹਿਮ ਖ਼ਬਰ- ਟੈਕਸਾਸ ਹਮਲੇ ਤੋਂ ਪਹਿਲਾਂ ਹਮਲਾਵਰ ਨੇ ਪੋਸਟ ਕੀਤੀ ਸੀ 'ਬੰਦੂਕ' ਦੀ ਤਸਵੀਰ, ਅਣਜਾਣ ਔਰਤ ਨੂੰ ਭੇਜੇ 'ਸੰਦੇਸ਼'

ਸਕੂਲਾਂ ਵਿਚ ਗੋਲੀਬਾਰੀ ਦੀਆਂ ਵੱਡੀਆਂ ਘਟਨਾਵਾਂ
ਮਈ 2022 : ਰਾਬ ਐਲੀਮੈਂਟਰੀ ਸਕੂਲ
ਟੈਕਸਾਸ ਦੇ ਉਵਾਲਡੇ ਦੇ ਮਿਡਲ ਸਕੂਲ ਵਿਚ 18 ਸਾਲਾ ਹਥਿਆਰਬੰਦ ਨੇ ਮੰਗਲਵਾਰ ਨੂੰ ਗੋਲੀਬਾਰੀ ਕੀਤੀ ਜਿਸ ਵਿਚ 21 ਲੋਕ ਮਾਰੇ ਗਏ।

ਮਈ 2018 : ਸੈਂਟਾ ਫੇ ਹਾਈ ਸਕੂਲ
ਹਿਊਸਟਨ ਦੇ ਸਕੂਲ ਵਿਚ 17 ਸਾਲਾ ਨਾਬਾਲਗ ਨੇ ਗੋਲੀਆਂ ਚਲਾਈਆਂ ਜਿਸ ਵਿਚ 10 ਲੋਕ ਮਾਰੇ ਗਏ। ਇਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਸਨ।

ਅਕਤੂਬਰ 2015 : ਕਮਿਊਨਿਟੀ ਕਾਲਜ
ਓਰੇਗਨ ਦੇ ਰੋਜਬਰਗ ਦੇ ਕਮਿਊਨਿਟੀ ਕਾਲਜ ਵਿਚ ਹਥਿਆਰਬੰਦ ਨੇ 9 ਲੋਕਾਂ ਦੀ ਹੱਤਿਆ ਕਰ ਦਿੱਤੀ।

ਦਸੰਬਰ 2012 : ਸੈਂਡੀ ਹੁਕ ਸਕੂਲ
ਕਨੈਕਟਿਕਟ ਦੇ ਨਿਊਟਾਊਨ ਦੇ ਸਕੂਲ ਵਿਚ 19 ਸਾਲਾ ਵਿਅਕਤੀ ਨੇ ਪਹਿਲਾਂ ਘਰ ’ਚ ਆਪਣੀ ਮਾਂ ਦਾ ਕਤਲ ਕੀਤਾ, ਫਿਰ ਨੇੜੇ ਦੇ ਸਕੂਲ ਵਿਚ 20 ਬੱਚਿਆਂ ਅਤੇ 6 ਅਧਿਆਪਕਾਂ ਨੂੰ ਮਾਰ ਦਿੱਤਾ।

ਅਪ੍ਰੈਲ 2007 : ਵਰਜੀਨੀਆ ਟੈਕ
ਵਰਜੀਨੀਆ ਦੇ ਬਲੈਕਸਬਰਗ ਵਿਚ 23 ਸਾਲਾ ਵਿਦਿਆਰਥੀ ਨੇ 32 ਲੋਕਾਂ ਦੀ ਹੱਤਿਆ ਕਰ ਦਿੱਤੀ।

ਮਾਰਚ 2005 : ਰੈੱਡ ਲੇਕ ਹਾਈ ਸਕੂਲ
ਮਿਨੇਸੋਟਾ ਵਿਚ 16 ਸਾਲਾ ਵਿਦਿਆਰਥੀ ਨੇ ਘਰ ’ਤੇ ਆਪਣੇ ਦਾਦਾ ਅਤੇ ਉਨ੍ਹਾਂ ਦੇ ਸਾਥੀ ਦੀ ਹੱਤਿਆ ਕੀਤੀ। ਉਸਦੇ ਬਾਅਦ ਕੋਲ ਦੇ ਰੈੱਡ ਲੇਕ ਹਾਈ ਸਕੂਲ ਵਿਚ 5 ਵਿਦਿਆਰਥੀਆਂ, 1 ਅਧਿਆਪਕ ਅਤੇ 1 ਸੁਰੱਖਿਆ ਮੁਲਾਜ਼ਮ ਨੂੰ ਮਾਰ ਦਿੱਤਾ।

ਅਪ੍ਰੈਲ 1999 : ਕੋਲੰਬਾਈਨ ਹਾਈ ਸਕੂਲ
ਕੋਲੋਰਾਡੋ ਦੇ ਲਿਟਲਟਨ ਦੇ ਸਕੂਲ ਵਿਚ 2 ਵਿਦਿਆਰਥੀਆਂ ਨੇ ਆਪਣੇ 12 ਸਾਥੀਆਂ ਅਤੇ 1 ਅਧਿਆਪਕ ਦੀ ਹੱਤਿਆ ਕਰ ਦਿੱਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News