ਬੀਬੀ ਜਤਿੰਦਰ ਕੌਰ ਖ਼ਾਲਸਾ ਦੇ ਕੁਈਨਜ਼ਲੈਂਡ ਪੈਰੋਲ ਬੋਰਡ ਦੀ ਮੈਂਬਰ ਬਣਨ 'ਤੇ ਭਾਈਚਾਰੇ 'ਚ ਖੁਸ਼ੀ ਦੀ ਲਹਿਰ

07/12/2017 2:07:44 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀ ਸੱਤ ਸਮੁੰਦਰੋਂ ਪਾਰ ਜਿਸ ਵੀ ਦੇਸ਼ ਵਿਚ ਵੀ ਗਏ ਹਨ ਉਨ੍ਹਾਂ ਨੇ ਉੱਥੇ ਸਖਤ ਮਿਹਨਤ ਕਰਕੇ ਦੁਨੀਆਂ ਦੇ ਵਿਕਸਤ ਦੇਸ਼ਾਂ ਵਿਚ ਆਪਣੇ ਆਪ ਨੂੰ ਆਰਥਿਕ, ਸਮਾਜਿਕ ਤੇ ਰਾਜਨੀਤਕ ਪੱਖ ਤੋ ਵੀ ਮਜਬੂਤ ਕਰਕੇ ਆਪਣਾ ਲੋਹਾ ਮਨਵਾਇਆ ਹੈ। ਜਿਸ ਦੀ ਤਾਜਾ ਮਿਸਾਲ ਉਸ ਸਮੇ ਵੇਖਣ ਨੂੰ ਮਿਲੀ ਜਦੋ ਕੁਈਨਜ਼ਲੈਂਡ ਦੀ ਮੁੱਖ ਮੰਤਰੀ (ਪ੍ਰੀਮੀਅਰ) ਅਨੈਸ਼ਟੇਸ਼ੀਆ ਪਲਾਜ਼ਜੁਕ ਦੀ ਸਰਕਾਰ ਨੇ ਸਮੀਖਿਆ ਤੋ ਬਾਅਦ ਕੁਈਨਜ਼ਲੈਂਡ ਸੂਬੇਂ ਦੇ ਪੈਰੋਲ ਬੋਰਡ ਦਾ ਪੁਨਰਗਠਨ ਕਰਦਿਆਂ 33 ਸਥਾਈ, ਪੇਸ਼ੇਵਰ ਅਤੇ ਵੱਖ-ਵੱਖ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਪਹਿਲੀ ਭਾਰਤੀ ਮੂਲ ਦੀ ਪੰਜਾਬੀ ਭਾਈਚਾਰੇ ਦੇ ਨਾਲ ਸਬੰਧਤ ਗੁਰਸਿੱਖ ਦਸਤਾਰਧਾਰੀ ਸਮਾਜ ਸਵੇਕਾਂ ਬੀਬੀ ਜਤਿੰਦਰ ਕੌਰ ਖ਼ਾਲਸਾ ਨੂੰ ਵੀ ਨਿਯੁਕਤੀ ਦੇ ਕਿ ਸਨਮਾਨਿਤ ਕੀਤਾ। 
ਬੀਬੀ ਜਤਿੰਦਰ ਕੌਰ ਖ਼ਾਲਸਾ ਨੇ ਇਸ ਮਾਣਮੱਤੀ ਪ੍ਰਾਪਤੀ ਤੇ ਮੀਡੀਏ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਦੀ ਸੇਵਾਂ ਕਰਨ ਲਈ ਇਹ ਬਹੁਤ ਵੱਡਾ ਮਾਣ ਹੈ ਤੇ ਇਸ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਪੈਰੋਲ ਬੋਰਡ ਦੇ ਮੈਂਬਰ ਦੇ ਤੋਰ ਤੇ ਕਾਰਜਕਾਲ 3 ਸਾਲ ਲਈ ਹੋਵੇਗਾ। ਜਿਸ ਵਿਚ ਪੈਰੋਲ ਦੇ ਲਈ ਕੈਦੀਆ ਦੀ ਅਰਜ਼ੀ 'ਤੇ ਫੈਸਲਾ ਕਰਨ ਦੇ ਨਾਲ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਅਪਰਾਧੀਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਅਤੇ ਉਨ੍ਹਾਂ ਨੂੰ ਸਮਾਜ ਵਿਚ ਮੁੜ-ਵਸੇਬੇ ਦੇ ਸਾਧਨਾਂ ਲਈ ਮਦਦਗਾਰ ਸਿੱਖਿਆ ਆਦਿ ਕਾਰਜਾਂ ਲਈ ਪ੍ਰੇਰਿਤ ਕਰਨਗੇ। ਬੀਬੀ ਜਤਿੰਦਰ ਕੌਰ ਖ਼ਾਲਸਾ ਲਗਾਤਾਰ ਪਿਛਲੇ ਕਈ ਸਾਲਾ ਤੋ ਸਮਾਜ ਸੇਵਕਾਂ ਤੇ ਮਾਨਸਿਕ ਸਿਹਤ ਸਲਾਹਕਾਰ ਦੇ ਤੋਰ 'ਤੇ ਬਾਲ ਸੁਰੱਖਿਆਂ, ਪਰਿਵਾਰਕ ਸਹਾਇਤਾ, ਸ਼ਰਨਾਰਥੀ ਬੰਦੋਬੰਸਤ ਸਹਾਇਤਾ, ਘਰੈਲੂ ਹਿੰਸਾ, ਨੀਤੀ ਨਿਰਧਾਰਤ, ਸਮਾਜਿਕ ਕਾਰਜਾਂ, ਇਥੋਂ ਦੇ ਐਬਰਿਜਨਲ ਮੂਲ ਨਿਵਾਸੀਆਂ ਲਈ ਦੂਰ-ਦਰਾਡੇ ਦੇ ਇਲਾਕਿਆਂ ਵਿਚ ਜੀਵਨ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਯਤਨ ਕਰਦੇ ਆ ਰਹੇ ਹਨ। ਆਸਟ੍ਰੇਲੀਆਈ ਲੋਕਾ ਨੂੰ ਸਿੱਖ ਧਰਮ ਦੇ ਫ਼ਲਸਫੇ ਤੋਂ ਜਾਣੂ ਕਰਵਾਉਣ ਹਿੱਤ ਅਤੇ ਧਰਮ ਦੇ ਪਸਾਰ ਲਈ ਵੀ ਉਹ ਅਹਿਮ ਭੁਮਿਕਾ ਨਿਭਾ ਰਹੇ ਹਨ। ਬੀਬੀ ਖ਼ਾਲਸਾ ਦੀ ਨਿਯੁਕਤੀ ਨੂੰ ਦੇਸ਼ ਦੇ ਬਹੁ-ਕੌਮੀ ਸੱਭਿਆਚਾਰ ਵਿਚ ਵਿਭਿੰਨਤਾ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਵਿਦੇਸ਼ਾ ਵਿਚ ਬੈਠੇ ਸਮੂਹ ਪੰਜਾਬੀਆਂ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।