ਭੂਟਾਨ ਦਾ ਭਾਰਤੀ ਸੈਲਾਨੀਆਂ ਨੂੰ ਝਟਕਾ, ਰੋਜ਼ਾਨਾ ਦੇ ਹਿਸਾਬ ਨਾਲ ਦੇਣੇ ਪੈਣਗੇ 1,200 ਰੁਪਏ

02/07/2020 4:42:19 PM

ਥਿੰਫੂ- ਭੂਟਾਨ ਦੀ ਖੂਬਸੂਰਤੀ ਦੇ ਭਾਰਤੀ ਲੋਕ ਦਿਵਾਨੇ ਹਨ ਤੇ ਭਾਰੀ ਗਿਣਤੀ ਵਿਚ ਸੈਲਾਨੀ ਇਥੇ ਘੁੰਮਣ ਆਉਂਦੇ ਹਨ। ਪਰ ਭੂਟਾਨ ਦੀ ਸਰਕਾਰ ਦੀ ਇਕ ਯੋਜਨਾ ਮੁਤਾਬਕ ਹੁਣ ਕੁਝ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ, ਜਿਸ ਨਾਲ ਭਾਰਤੀ ਸੈਲਾਨੀਆਂ ਨੂੰ ਭੂਟਾਨ ਘੁੰਮਣਾ ਥੋੜਾ ਮਹਿੰਗਾ ਪੈ ਸਕਦਾ ਹੈ।

ਅਸਲ ਵਿਚ ਭੂਟਾਨ ਸਰਕਾਰ ਦੀ ਇਕ ਯੋਜਨਾ ਮੁਤਾਬਕ ਹੁਣ ਕੁਝ ਨਿਯਮਾਂ ਵਿਚ ਬਦਲਾਅ ਤੋਂ ਬਾਅਦ ਭਾਰਤੀ ਸੈਲਾਨੀਆਂ ਨੂੰ ਭੂਟਾਨ ਵਿਚ ਰਹਿਣ ਲਈ ਰੋਜ਼ਾਨਾ ਦੇ ਹਿਸਾਬ ਨਾਲ 1,200 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਹੋਰ ਦੇਸ਼ ਜੋ ਭੂਟਾਨ ਦੀ ਇਸ ਯੋਜਨਾ ਵਿਚ ਸ਼ਾਮਲ ਰਹਿਣਗੇ, ਉਹ ਹਨ ਮਾਲਦੀਵ ਤੇ ਬੰਗਲਾਦੇਸ਼ ਹਨ। ਭੂਟਾਨ ਨੇ ਹਾਲਾਂਕਿ 6 ਤੋਂ 12 ਸਾਲ ਦੇ ਬੱਚਿਆਂ ਦੇ ਲਈ ਇਹ ਫੀਸ 600 ਰੁਪਏ ਰੱਖੀ ਹੈ। ਇਸ ਫੀਸ ਨੂੰ ਸਸਟੇਨੇਬਲ ਡਿਵਲਪਮੈਂਟ ਫੀਸ ਕਿਹਾ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਹਰੇਕ ਭੂਟਾਨ ਜਾਣ ਵਾਲੇ ਸੈਲਾਨੀਆਂ ਵਿਚ ਭਾਰਤੀਆਂ ਦੀ ਗਿਣਤੀ ਬੀਤੇ ਸਾਲਾਂ ਵਿਚ 10 ਫੀਸਦੀ ਤੱਕ ਵਧੀ ਹੈ।

ਫਿਲਹਾਲ ਭੂਟਾਨ ਦੀ ਸਰਕਾਰ ਇਸ ਫੀਸ ਨੂੰ ਅੰਤਰਰਾਸ਼ਟਰੀ ਸੈਲਾਨੀਆਂ 'ਤੇ ਲਾਏ ਜਾਣ ਵਾਲੇ 65 ਅਮਰੀਕੀ ਡਾਲਰ (ਤਕਰੀਬਨ 4,631 ਰੁਪਏ) ਫੀਸ ਦੀ ਤੁਲਨਾ ਵਿਚ ਬਹੁਤ ਸਸਤਾ ਮੰਨ ਰਹੀ ਹੈ। ਹੋਰ ਦੇਸ਼ਾਂ ਦੇ ਸੈਲਾਨੀਆਂ ਨੂੰ ਭੂਟਾਨ ਵਿਚ ਇਕ ਦਿਨ ਬਿਤਾਉਣ ਲਈ 4,631 ਰੁਪਏ ਦੀ ਫੀਸ ਦੇਣੀ ਹੀ ਪਵੇਗੀ।

ਜਾਣਕਾਰਾਂ ਨੇ ਭੂਟਾਨ ਦੇ ਇਸ ਕਦਮ ਨੂੰ ਦੱਸਿਆ ਗਲਤ
ਦੱਸਿਆ ਜਾ ਰਿਹਾ ਹੈ ਕਿ ਦੇਸ਼ 'ਤੇ ਸੈਲਾਨੀਆਂ ਦੇ ਭਾਰੀ ਬੋਝ ਨੂੰ ਕਾਬੂ ਕਰਨ ਲਈ ਭੂਟਾਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਉਥੇ ਹੀ ਭੂਟਾਨ ਸਰਕਾਰ ਦੇ ਇਸ ਕਦਮ ਨੂੰ ਜਾਣਕਾਰ ਗਲਤ ਦੱਸ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਪ੍ਰਤੀ ਵਿਅਕਤੀ 1,200 ਰੁਪਏ ਫੀਸ ਲਾਉਣ ਦੇ ਫੈਸਲੇ ਨਾਲ ਭੂਟਾਨ ਵਿਚ ਸੈਲਾਨੀਆਂ ਦੀ ਗਿਣਤੀ ਬਹੁਤ ਘੱਟ ਹੋ ਸਕਦੀ ਹੈ। ਇਸ ਨਾਲ ਭੂਟਾਨ ਸਰਕਾਰ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਜਾਣਕਾਰ ਮੰਨਦੇ ਹਨ ਕਿ ਜੋ ਭਾਰਤੀ ਭੂਟਾਨ ਪਹਾੜਾਂ ਦੀ ਸੁੰਦਰਤਾ ਦੇਖਣ ਲਈ ਪਹੁੰਚਦੇ ਹਨ ਇਸ ਫੀਸ ਦੇ ਲਾਗੂ ਹੋਣ ਨਾਲ ਹੁਣ ਭਾਰਤ ਦੇ ਹੀ ਦਾਰਜਲਿੰਗ, ਸਿਕੱਮ ਸਣੇ ਹੋਰ ਪਹਾੜੀ ਇਲਾਕਿਆਂ ਵਿਚ ਜਾਣਾ ਵਧੇਰੇ ਪਸੰਦ ਕਰਨਗੇ। 

Baljit Singh

This news is Content Editor Baljit Singh