ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਕਿਸਾਨ ਅੰਦੋਲਨ ਦੇ ਬਹਾਨੇ ਨਹੀ ਹੋਣ ਦਿੱਤਾ ਗਿਆ ਭਾਰਤ ''ਚ ਦਾਖਲ

02/22/2021 3:22:09 PM

ਰੋਮ (ਕੈਂਥ): ਭਾਰਤੀ ਮੂਲ ਦੇ ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਨੂੰ ਬੀਤੇ ਦਿਨੀਂ ਦਿੱਲੀ ਹਵਾਈ ਅੱਡੇ ਪਹੁੰਚਣ ਦੇ 28 ਘੰਟਿਆਂ ਬਾਅਦ ਹੀ ਵਾਪਸ ਭੇਜ ਦਿੱਤਾ ਗਿਆ। ਇੱਥੇ ਦੱਸ ਦਈਏ ਕਿ ਸਿੱਖ ਆਗੂ ਭੁਪਿੰਦਰ ਸਿੰਘ ਹਾਲੈਂਡ ਦੇ ਨਾਗਰਿਕ ਹਨ, ਜੋ ਕੇ.ਐੱਲ.ਐੱਮ. ਏਅਰਲਾਈਨ ਦੇ ਜਹਾਜ਼ ਰਾਹੀਂ 17 ਫਰਵਰੀ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਪਹੁੰਚੇ ਸਨ। ਉਨ੍ਹਾਂ ਨੂੰ 18 ਫਰਵਰੀ ਨੂੰ ਐਮਸਟਰਡਮ ਵਾਪਸ ਭੇਜ ਦਿੱਤਾ ਗਿਆ। ਭੁਪਿੰਦਰ ਸਿੰਘ ਲੇਖਕ ਹਨ, ਜਿਹਨਾਂ ਨੇ ਪਹਿਲੇ ਤੇ ਦੂਜੇ ਸੰਸਾਰ ਯੁੱਧ ‘ਚ ਸਿੱਖ ਫੌਜੀਆਂ ਦੀ ਦੇਣ ਸਬੰਧੀ ਕਿਤਾਬਾਂ ਲਿਖੀਆਂ ਹਨ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਕੋਲ ਭਾਰਤੀ ਦੂਤਘਰ ਵੱਲੋਂ ਜਾਰੀ ਸਾਰੇ ਕਾਗਜ਼ਾਤ ਮੁਕੰਮਲ ਸਨ ਤੇ ਉਹਨਾਂ ਕੋਲ ਭਾਰਤ ਦਾ ਵੀਜ਼ਾ 2024 ਤੱਕ ਦਾ ਹੈ।ਉਹਨਾਂ ਦੀ ਕੋਰੋਨਾ ਸਬੰਧੀ ਰਿਪੋਰਟ ਵੀ ਨੈਗੇਟਿਵ ਸੀ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਇਕ ਕਮਰੇ ‘ਚ ਵੱਖਰਾ ਲਿਜਾਇਆ ਗਿਆ, ਜਿਥੇ ਸਬੰਧਿਤ ਅਧਿਕਾਰੀਆਂ ਨੇ ਪਹਿਲਾਂ ਸਵਾਲ ਪੁੱਛਿਆ ਕਿ ਤੁਸੀਂ ਕਿਸਾਨ ਅੰਦੋਲਨ ਦੇ ਚੱਲਦਿਆਂ ਕਿਉਂ ਆਏ ਹੋ? ਦੂਜਾ ਸਵਾਲ ਪੁੱਛਿਆ ਕਿ ਇੱਥੇ ਕੋਰੋਨਾ ਲਾਗ ਦਾ ਖ਼ਤਰਾ ਹੈ। ਅਧਿਕਾਰੀ ਵਾਰ-ਵਾਰ ਇਹੋ ਕਹਿ ਰਹੇ ਸਨ ਕਿ ਕਿਸਾਨ ਸਾਡੇ ਹਨ, ਅਸੀਂ ਕਿਸਾਨਾਂ ਦੇ ਹਾਂ ਪਰ ਵਿਦੇਸ਼ ਵਿਚ ਬੈਠੇ ਲੋਕ ਕਿਸਾਨਾਂ ਦੀ ਮਾਲੀ ਮਦਦ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਤੁਸੀਂ ਵਿਦੇਸ਼ਾਂ ਵਿਚ ਕਿਸਾਨ ਅੰਦੋਲਨ ਸਬੰਧੀ ਮੁਜ਼ਾਹਰੇ ਕਰ ਰਹੇ ਹੋ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

ਅਧਿਕਾਰੀ ਇਹ ਵੀ ਪੁੱਛ ਰਹੇ ਸਨ ਕਿ ਵਿਦੇਸ਼ੀ ਸਰਕਾਰਾਂ ਦੇ ਕਿਸਾਨ ਅੰਦੋਲਨ ਸਬੰਧੀ ਕਿਹੋ ਜਿਹੇ ਵਿਚਾਰ ਹਨ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 28 ਘੰਟੇ ਸਿਰਫ਼ ਇਕ ਕੁਰਸੀ ‘ਤੇ ਹੀ ਬਿਠਾਈ ਰੱਖਿਆ ਗਿਆ ਜਦਕਿ ਉਹ ਦਿਲ ਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹਨ। ਇਸ ਦੌਰਾਨ ਖਾਣ ਲਈ ਕੁਝ ਨਹੀਂ ਦਿੱਤਾ ਗਿਆ, ਸਿਰਫ਼ ਫਿੱਕੀ ਚਾਹ ਦਿੱਤੀ ਗਈ। ਅਧਿਕਾਰੀਆਂ ਦਾ ਵਤੀਕਾ ਰੁੱਖਾ ਅਤੇ ਨਿੰਦਣਯੋਗ ਸੀ। ਭੁਪਿੰਦਰ ਸਿੰਘ ਨੂੰ ਵਾਪਸ ਭੇਜਣ ‘ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਦੇ ਇਸ ਵਰਤਾਓ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।

Vandana

This news is Content Editor Vandana