ਕੌਮਾਂਤਰੀ ਪੱਧਰ ’ਤੇ ਸ਼ੁਰੂ ਹੋਇਆ ਭਾਰਤ ਦਾ ‘ਭੀਮ ਐਪ’

11/14/2019 6:24:55 PM

ਗੈਜੇਟ ਡੈਸਕ– ਕਿਊ ਆਰ ਕੋਡ ਆਧਾਰਿਤ ਭੁਗਤਾਨ ਸੇਵਾ ਭੀਮ ਯੂ.ਪੀ.ਆਈ. ਦਾ ਬੁੱਧਵਾਰ ਨੂੰ ਪਹਿਲੀ ਵਾਰ ਕੌਮਾਂਤਰੀ ਪੱਧਰ ’ਤੇ ਪ੍ਰਦਰਸ਼ਨ ਕੀਤਾ ਗਿਆ। ਸਿੰਗਾਪੁਰ ਫਿਨਟੈੱਕ ਫੈਸਟੀਵਲ ’ਚ ਇਸ ਰਾਹੀਂ ਇਕ ਮਰਚੈਂਟ ਟਰਮਿਨਲ ’ਤੇ ਇਸ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ 15 ਨਵੰਬਰ ਤੱਕ ਫੈਸਟੀਵਲ ਦੇ ਨਾਲ ਜਾਰੀ ਰਹੇਗਾ। ਸਿੰਗਾਪੁਰ ’ਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਭੀਮ ਐਪ ਕੌਮਾਂਤਰੀ ਹੋਇਆ ਹੈ। ਇਸ ਨਾਲ ਕੋਈ ਵੀ ਨੈੱਟਸ ਟਰਮਿਨਲ ’ਤੇ ਐਸ.ਜੀ. ਕਿਊ ਆਰ ਕੋਡ ਨੂੰ ਸਕੈਨ ਕਰਕੇ ਸਿੰਗਾਪੁਰ ’ਚ ਭੁਗਤਾਨ ਕਰ ਸਕਦਾ ਹੈ। ਇਸ ਵਿਵਸਥਾ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਅਤੇ ਸਿੰਗਾਪੁਰ ਫਾਰ ਇਲੈਕਟ੍ਰੋਨਿਕ ਟ੍ਰਾਂਸਫਰਸ (ਨੈੱਟਸ) ਨੇ ਸਾਂਝੇ ਰੂਪ ਨਾਲ ਵਿਕਸਿਤ ਕੀਤਾ ਹੈ। ਇਸ ਨੂੰ ਫਰਵਰੀ 2020 ਤੋਂ ਸਿੰਗਾਪੁਰ ’ਚ ਸ਼ੁਰੂ ਕੀਤਾ ਜਾ ਸਕਦਾ ਹੈ। 

ਰੁਪੇ ਕਾਰਡ ਵੀ ਹੋਣਗੇ ਜਾਰੀ
ਹਾਈ ਕਮਿਸ਼ਨਰ ਨੇ ਕਿਹਾ ਕਿ ਫਰਵਰੀ 2020 ਤੱਕ ਸਾਰੇ ਰੁਪੇ ਕਾਰਡ ਸਿੰਗਾਪੁਰ ’ਚ ਸਵਿਕਾਰ ਕੀਤੇ ਜਾਣਗੇ। ਇਹ ਵਿੱਤੀ ਟੈਕਨਾਲੋਜੀ ਖੇਤਰ ’ਚ ਭਾਰਤ ਅਤੇ ਸਿੰਗਾਪੁਰ ਵਿਚਕਾਰ ਸਹਿਯੋਗ ਦੀ ਇਕ ਹੋਰ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਇਥੇ ਰੁਪੇ ਇੰਟਰਨੈਸ਼ਨਲ ਕਾਰਡ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਗਸਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਏ.ਈ. ਦੇ ਬਾਜ਼ਾਰ ’ਚ ਰੁਪੇ ਕਾਰਡ ਦੀ ਪੇਸ਼ਕਸ਼ ਕੀਤੀ ਸੀ। ਸੰਯੁਕਤ ਅਰਬ ਅਮੀਰਾਤ ਪੱਛਮ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਸੀ ਜਿਸ ਨੇ ਇਲੈਕਟ੍ਰੋਨਿਕ ਭੁਗਤਾਨ ਦੀ ਭਾਰਤੀ ਪ੍ਰਣਾਲੀ ਨੂੰ ਅਪਣਾਇਆ। ਭਾਰਤ ਇਸ ਤੋਂ ਪਹਿਲਾਂ ਸਿੰਗਾਪੁਰ ਅਤੇ ਭੂਟਾਨ ’ਚ ਰੁਪੇ ਕਾਰਡ ਦੇ ਚਲਣ ਨੂੰ ਸ਼ੁਰੂ ਕਰ ਚੁੱਕਾ ਸੀ। ਉਦੋਂ ਵਿਦੇਸ਼ ਮੰਤਰਾਲੇ ਨੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਸੀ ਕਿ ਭਾਰਤ ਅਤੇ ਯੂ.ਏ.ਈ. ਦੀਆਂ ਅਰਥਵਿਵਸਥਾਵਾਂ ਨੂੰ ਇਕ-ਦੂਜੇ ਦੇ ਹੋਰ ਨੇੜੇ ਲਿਆਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਯੂ.ਏ.ਈ. ’ਚ ਅਧਿਕਾਰਤ ਤੌਰ ’ਤੇ ਰੁਪੇ ਕਾਰਡ ਨੂੰ ਪੇਸ਼ ਕੀਤਾ ਗਿਆ। ਖਾੜੀ ਦੇਸ਼ਾਂ ’ਚ ਯੂ.ਏ.ਈ. ਪਹਿਲਾ ਦੇਸ਼ ਹੈ ਜਿਸ ਨੇ ਭਾਰਤੀ ਰੁਪੇ ਕਾਰਡ ਨੂੰ ਅਪਣਾਇਆ ਹੈ ਯੂ.ਏ.ਈ. ਦੀਆਂ ਕਈ ਕੰਪਨੀਆਂ ਨੇ ਰੁਪੇ ਭੁਗਤਾਨ ਨੂੰ ਸਵਿਕਾਰ ਕਰਨ ਦੀ ਗੱਲ ਕੀਤੀ ਹੈ।