ਕੈਨੇਡਾ: ਐਡਮਿੰਟਨ ''ਚ ਕਰਵਾਇਆ ਗਿਆ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ

10/04/2018 6:03:22 PM

ਨਿਊਯਾਰਕ/ਐਡਮਿੰਟਨ (ਰਾਜ ਗੋਗਨਾ)— ਕੈਨੇਡਾ ਦੇ ਸਹਾਰਾ ਕਮਿਊਨਿਟੀ ਸਰਵਿਸ ਆਰਗੇਨਾਈਜ਼ੇਸ਼ਨ ਦੇ ਖੂਬਸੂਰਤ ਹਾਲ ਵਿਖੇ ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ (ਪੀ. ਪੀ. ਐੱਫ. ਈ.) ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਇਕ ਯਾਦਗਾਰੀ ਚਾਰ ਭਾਸ਼ਾਈ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਇਕ ਅੰਗਰੇਜ਼ੀ ਅਖਬਾਰ ਦੇ ਮੁੱਖ ਸੰਪਾਦਕ ਡਾ. ਪ੍ਰਿਥਵੀਰਾਜ ਕਾਲੀਆ ਨੇ ਕੀਤੀ। 

ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕ੍ਰਾਂਤੀਕਾਰੀ ਸ਼ਾਇਰ-ਲੇਖਕ ਮੱਖਣ ਕੁਹਾੜ ਨੇ ਸ਼ਿਰਕਤ ਕੀਤੀ। ਪੰਜਾਬ ਤੋਂ ਪੱਤਰਕਾਰ ਲੇਖਕ (ਸਾਹਿਤਕਾਰ) ਬਲਵਿੰਦਰ ਬਾਲਮ ਅਤੇ ਅੰਗਰੇਜ਼ੀ ਦੇ ਵਿਦਵਾਨ ਚਿੰਤਕ ਲੇਖਕ ਬਲਦੇਵ ਰਾਜ (ਚੰਡੀਗੜ੍ਹ) ਤੋਂ ਤਸ਼ਰੀਫ ਲਿਆਏ। ਵੱਖ-ਵੱਖ ਬੁਲਾਰਿਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੀਵਨੀ ਅਤੇ ਦੇਸ਼ ਲਈ ਦਿਤੀ ਕੁਰਬਾਨੀ ਦੇ ਅਨੇਕ ਪ੍ਰਸੰਗ ਵਿਚਾਰੇ। ਡਾ. ਪ੍ਰਿਥਵੀਰਾਜ ਕਾਲੀਆ ਨੇ ਪੀ. ਪੀ. ਐੱਫ. ਈ. ਸੰਸਥਾ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਸਭਾ 1999 ਵਿਚ ਹੋਂਦ ਵਿਚ ਆਈ। ਮੰਚ ਸੰਚਾਲਨ ਕਰਦੇ ਦਲਬੀਰ ਸਾਂਗਿਆਣ ਨੇ ਕਿਹਾ ਕਿ ਐਡਮਿੰਟਨ ਵਿਚ ਇਹ ਪਹਿਲੀ ਸਾਹਿਤ ਸਭਾ ਹੈ। ਇਹ ਸਭਾ ਜਦ ਤੋਂ ਹੋਂਦ ਵਿਚ ਆਈ ਹੈ, ਉਦੋਂ ਤੋਂ ਇਸ ਨੇ ਅਨੇਕਾਂ ਲੇਖਕਾਂ ਦੀਆਂ ਪੁਸਤਕਾਂ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ। 

ਜਸਵੀਰ ਦਿਓਲ ਨੇ ਕਿਹਾ ਕਿ ਇਸ ਸਭਾ ਦਾ ਨਾਤਾ ਪ੍ਰਸਿੱਧ ਨਾਵਲਕਾਰ 'ਸ਼੍ਰੋਮਣੀ ਸਾਹਿਤਕਾਰ ਐਵਾਰਡੀ' ਅਤੇ ਲੱਗਭਗ 70 ਪੁਸਤਕਾਂ ਦੇ ਲੇਖਕ ਸ. ਕੇਸਰ ਸਿੰਘ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਵਰਤਮਾਨ ਦੇਸ਼-ਵਿਦੇਸ਼ ਦੇ ਹਾਲਾਤ ਅਤੇ ਭਵਿੱਖ ਦੇ ਸਮਾਗਮਾਂ ਦੀ ਰੂਪ ਰੇਖਾ ਤੋਂ ਜਾਣੂ ਕਰਵਾਇਆ। ਇਸ ਮੌਕੇ ਅੰਗਰੇਜ਼ੀ ਦੇ ਵਿਦਵਾਨ ਲੇਖਕ ਜਨਾਬ ਬਲਦੇਵ ਰਾਜ ਦੀ ਪੁਸਤਕ 'ਦਿ ਪਾਵਰ ਆਫ ਪੌਜ਼ੇਟਿਵ ਥਿੰਕਿੰਗ ਐਂਡ ਐਟੀਚਿਊਟ' ਦੀ ਘੁੰਡ ਚੁਕਾਈ ਵੀ ਕੀਤੀ ਗਈ। ਕਵੀ ਦਰਬਾਰ ਵਿਚ ਬਲਵਿੰਦਰ ਬਾਲਮ, ਮੱਖਣ ਕੁਹਾੜ, ਡਾ. ਸਈਅਦ ਤੌਫੀਕ ਹੈਦਰ, ਜਮੀਲ ਚੌਧਰੀ, ਡਾ. ਪ੍ਰਿਥਵੀਰਾਜ ਕਾਲੀਆ, ਕਿਰਤਮੀਤ ਕੁਹਾੜ, ਬਕਸ਼ ਸੰਘਾ, ਸੁਧਾ ਤਿਵਾੜੀ, ਪਰਮਿੰਦਰ ਧਾਰੀਵਾਲ, ਰਵਿੰਦਰ, ਪਵਿੱਤਰ ਧਾਰੀਵਾਲ, ਨਵਤੇਜ ਬੈਂਸ, ਕਰਨ ਪ੍ਰਤਾਪ, ਬਲਦੇਵ ਰਾਜ, ਰਵਿੰਦਰ ਸਰਨਾ, ਦਲਬੀਰ ਸਾਂਗਿਆਣ, ਜਸਵੀਰ ਦਿਓਲ ਆਦਿ ਨੇ ਹਿੱਸਾ ਲਿਆ। ਇਹ ਇਕ ਯਾਦਗਾਰੀ ਕਵੀ ਦਰਬਾਰ ਹੋ ਨਿਬੜਿਆ।


Related News