ਇਸ ਦੋਸਤੀ ਨੂੰ ਸਲਾਮ...ਜ਼ਿੰਦਗੀ ਦੇ 78 ਸਾਲ ਕੀਤੇ ਇਕ-ਦੂਜੇ ਦੇ ਨਾਮ

12/09/2019 1:09:19 PM

ਲੰਡਨ— ਜੇਕਰ ਦੋਸਤੀ ਦੀ ਕੋਈ ਮਿਸਾਲ ਦੇ ਸਕਦਾ ਹੈ ਤਾਂ ਉਹ ਹਨ ਓਲਿਵ ਅਤੇ ਕੈਥਲੀਨ। ਇਹ ਦੋਵੇਂ 78 ਸਾਲਾਂ ਤੋਂ ਸਹੇਲੀਆਂ ਹਨ ਤੇ ਇਨ੍ਹਾਂ ਦੀ ਉਮਰ ਹੁਣ 89 ਸਾਲ ਹੋ ਚੁੱਕੀ ਹੈ। ਇਨ੍ਹਾਂ ਦੀ ਦੋਸਤੀ ਇੰਨੀ ਪੱਕੀ ਹੈ ਕਿ ਦੋਵੇਂ ਇਕੋ ਘਰ 'ਚ ਸ਼ਿਫਟ ਹੋ ਗਈਆਂ ਹਨ ਤਾਂਕਿ ਜੀਵਨ ਦੇ ਇਸ ਦੌਰ 'ਚ ਉਹ ਇਕੱਠੀਆਂ ਰਹਿ ਸਕਣ। ਕੈਥਲੀਨ ਦੇ ਪਤੀ ਦਾ ਦਿਹਾਂਤ ਸਾਲ 1989 'ਚ ਹੋ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਦੇਖਭਾਲ ਕੀਤੀ ਪਰ ਬੀਤੇ ਸਾਲ ਉਹ ਆਪਣੇ ਪਰਿਵਾਰ ਤੋਂ ਵੱਖਰੀਆਂ ਹੋ ਕੇ ਬੇਰੀ ਹਿਲ ਪਾਰਕ ਕੇਅਰ ਹੋਮ 'ਚ ਰਹਿਣ ਲੱਗੀਆਂ।  ਸਾਲ 2004 'ਚ ਓਲਿਵ ਦੇ ਪਤੀ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀਆਂ ਦੋ ਧੀਆਂ ਹਨ। ਕੈਥਲੀਨ ਤੇ ਓਲਿਵ ਦੋਵਾਂ ਨੇ ਘਰ ਛੱਡ ਕੇ ਇਕੱਠੇ ਹੋਮ ਕੇਅਰ 'ਚ ਰਹਿਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਦੀ ਦੋਸਤੀ ਉਦੋਂ ਤੋਂ ਹੈ ਜਦ ਉਹ 11 ਸਾਲ ਦੀਆਂ ਸਨ। ਉਨ੍ਹਾਂ ਦੇ ਘਰ ਨੇੜੇ ਸਨ ਤੇ ਉਹ ਸਕੂਲ ਇਕੱਠੀਆਂ ਜਾਂਦੀਆਂ ਸਨ ਤੇ ਖੇਡਦੀਆਂ ਸਨ। ਦੋਹਾਂ ਦੇ ਪਤੀ ਇਕੋ ਕੰਪਨੀ 'ਚ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਉਹ ਇਸ ਕਾਰਨ ਇਕੱਠੀਆਂ ਰਹਿ ਰਹੀਆਂ ਹਨ ਤਾਂ ਕਿ ਆਪਣਾ ਸੁੱਖ-ਦੁੱਖ ਇਕ-ਦੂਜੇ ਨਾਲ ਸਾਂਝਾ ਕਰ ਸਕਣ। ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਸਕੂਲ 'ਚ ਆ ਗਈਆਂ ਹੋਣ। ਸੋਚਣ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਆਪਣੀ-ਆਪਣੀ ਜ਼ਿੰਦਗੀ, ਆਪਣੇ-ਆਪਣੇ ਪਰਿਵਾਰ ਦੇ ਬਾਰੇ 'ਚ ਸੋਚਣ ਲੱਗਦੇ ਹਾਂ ਉੱਥੇ ਹੀ ਦੋਸਤੀ ਕਿਤੇ ਪਿੱਛੇ ਛੁੱਟ ਜਾਂਦੀ ਹੈ ਪਰ ਇਨ੍ਹਾਂ ਦੋਹਾਂ ਨੇ ਆਪਣੀ ਦੋਸਤੀ ਨੂੰ ਪੱਕਾ ਬਣਾ ਕੇ ਰੱਖਿਆ ਹੈ।