ਬੈਲਜ਼ੀਅਮ ਸਿੱਖਾਂ ਦੀ ਕੋਸ਼ਿਸ਼ ਲਿਆਈ ਰੰਗ, ਮੁਸਲਮਾਨ ਬਣੇ ਪੰਜਾਬੀ ਨੇ ਮੁੜ ਸਿੱਖ ਧਰਮ 'ਚ ਕੀਤੀ ਵਾਪਸੀ

12/08/2017 3:43:40 PM

ਰੋਮ, (ਕੈਂਥ )—  ਤਕਰੀਬਨ ਮਹੀਨਾ ਕੁ ਪਹਿਲਾਂ ਪਾਕਿਸਤਾਨ ਦੇ ਇੱਕ ਨਿੱਜੀ ਚੈਨਲ ਵੱਲੋਂ ਚਲਾਇਆ ਗਿਆ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਏ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਉਸ ਕਲਿੱਪ ਵਿੱਚ ਬੈਲਜ਼ੀਅਮ ਦੀ ਰਾਜਧਾਨੀ ਬਰਸਲਜ਼ ਵਿਖੇ ਇੱਕ ਰੈਸਟੋਰੈਂਟ ਵਿੱਚ ਪਾਕਿਸਤਾਨੀ ਭਾਈਚਾਰੇ ਦਾ ਇੱਕ ਧਾਰਮਿਕ ਸਮਾਗਮ ਵਰਗਾ ਇਕੱਠ ਦਿਖਾਇਆ ਗਿਆ ਸੀ। ਇੱਥੇ ਬਿੱਟੂ ਨਾਮ ਦਾ ਪੰਜਾਬੀ ਸਿੱਖ ਆਇਆ ਸੀ, ਜੋ ਮੁਸਲਮਾਨ ਬਣ ਗਿਆ ਸੀ। ਉਸ ਨੇ ਦੱਸਿਆ ਸੀ ਕਿ ਉਹ ਇੱਥੇ ਵਸਦੇ ਪਾਕਿਸਤਾਨੀ ਮੁਸਲਮਾਨ ਭਾਈਚਾਰੇ ਅਤੇ ਉਸ ਨੌਜਵਾਨ ਨੂੰ ਰੁਜ਼ਗਾਰ ਦੇ ਰਹੇ ਇੱਕ ਪਾਕਿਸਤਾਨੀ ਕਾਰੋਬਾਰੀ ਚੌਧਰੀ ਪ੍ਰਵੇਜ਼ ਦੇ ਕਾਰਨ ਮੁਸਲਮਾਨ ਬਣਿਆ ਹੈ। ਜਾਰੀ ਵੀਡੀਓ ਕਲਿੱਪ ਵਿੱਚ ਬਿੱਟੂ ਨਾਮ ਦਾ ਇਹ ਵਿਅਕਤੀ ਵੀ  ਮੁਸਲਮਾਨ ਬਣਨ 'ਤੇ ਖੁਸ਼ੀ ਪ੍ਰਗਟ ਕਰਦਾ ਹੋਇਆ ਦਿਖਾਈ ਦੇ ਰਿਹਾ ਸੀ ਤੇ ਬਾਕੀ ਹਾਜ਼ਰੀਨ ਉਸ ਨੂੰ ਸਿੰਘ ਤੋਂ ''ਮੁਹੰਮਦ ਅਲੀ'' ਬਣਨ 'ਤੇ ਵਧਾਈਆਂ ਦਿੰਦੇਂ ਨਜ਼ਰ ਆ ਰਹੇ ਸਨ। 
ਇੱਥੇ ਵੱਸਦੇ ਸਿੱਖਾਂ ਲਈ ਇਹ ਗੱਲ ਨਮੋਸ਼ੀ ਵਾਲੀ ਸੀ ਕਿਉਂਕਿ ਬਿੱਟੂ ਨੇ ਲਾਲਚ ਵੱਸ ਆਪਣਾ ਸਿੱਖ ਧਰਮ ਛੱਡ ਕੇ ਮੁਸਲਿਮ ਧਰਮ ਅਪਣਾ ਲਿਆ ਸੀ। ਉਨ੍ਹਾਂ ਬਿੱਟੂ ਨੂੰ ਸਮਝਾਇਆ ਤੇ ਉਹ ਮੁੜ ਸਿੱਖ ਧਰਮ 'ਚ ਆਉਣ ਲਈ ਰਾਜ਼ੀ ਹੋ ਗਿਆ। ਐਤਵਾਰ ਨੂੰ ਉਸ ਅੰਗਰੇਜ਼ ਸਿੰਘ ਨਾਂ ਦੇ ਨੌਜਵਾਨ ਨੇ ਗੁਰਦੁਆਰਾ ਸੰਗਤ ਸਿੰਤਰੂਧਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅਪਣੀ ਭੁੱਲ ਲਈ ਖਿਮਾਂ ਮੰਗਦਿਆਂ ਸਾਬਤ ਸੂਰਤ ਸਿੰਘ ਸਜਣ ਦਾ ਪ੍ਰਣ ਵੀ ਕੀਤਾ। ਬੇਸ਼ੱਕ ਇਸ ਘਟਨਾ ਨੂੰ ਬਰਸਲਜ਼ ਦੇ ਗੁਰਦੁਆਰਾ ਸਾਹਿਬ ਦੇ ਬੰਦ ਹੋਣ ਦਾ ਕਾਰਨ ਵੀ ਕਿਹਾ ਜਾ ਰਿਹਾ ਹੈ ਪਰ ਇਹ ਇੱਕ ਲੋੜਵੰਦ ਪ੍ਰਵਾਸੀ ਦਾ ਸਿਰਫ ਜਿੰਦਗੀ ਦੇ ਨਿੱਜੀ ਸੁੱਖਾਂ-ਸਹੂਲਤਾਂ ਦੀ ਪ੍ਰਾਪਤੀ ਦੇ ਲਾਲਚ ਵੱਸ ਵਾਪਰਿਆ ਇੱਕ ਵਰਤਾਰਾ ਹੈ।
ਇਸ ਸਮੇਂ ਭਾਈ ਕਰਨੈਲ ਸਿੰਘ ਪ੍ਰਧਾਨ ਗੁਰਦਵਾਰਾ ਸਾਹਿਬ ਸਿੰਤਰੂਧਨ, ਸਰਦਾਰ ਰੇਸ਼ਮ ਸਿੰਘ ਪ੍ਰਧਾਨ ਗੁਰਦਵਾਰਾ ਸਾਹਿਬ ਵਿਲਵੋਰਦੇ, ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ, ਭਾਈ ਮਹਿੰਦਰ ਸਿੰਘ ਖਾਲਸਾ, ਸ: ਤਰਸੇਮ ਸਿੰਘ ਸ਼ੇਰਗਿੱਲ, ਸ: ਪ੍ਰਤਾਪ ਸਿੰਘ ਸ਼ੇਰੇ ਪੰਜਾਬ ਸਪੋਰਟਸ਼ ਕਲੱਬ, ਸੁਰਜੀਤ ਸਿੰਘ ਖਹਿਰਾ ਚੜ੍ਹਦੀ ਕਲਾ ਐੱਨ. ਆਰ ਆਈ. ਸਪੋਰਟਸ ਕਲੱਬ, ਰੂਪ ਮਾਨੋਚਾਹਲ, ਭਾਈ ਗੁਰਦੇਵ ਸਿੰਘ ਗੈਂਟ ਅਤੇ ਕੁਲਵੰਤ ਸਿੰਘ ਗੈਂਟ ਆਦਿ ਆਗੂ ਹਾਜ਼ਰ ਸਨ। ਉਪਰੋਕਤ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰੂਘਰਾਂ ਨਾਲ ਜੋੜਨ ਦੀ ਬੇਨਤੀ ਕਰਦਿਆਂ ਕਿਹਾ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਚੱਲਾਂਗੇ ਤਾਂ ਅਜਿਹੀ ਜਲਾਲਤ ਝੱਲਣ ਦੀ ਕਦੇ ਵੀ ਨੌਬਤ ਨਹੀਂ ਆਵੇਗੀ।