WWI ਸਮਾਪਤੀ ਦੇ 101ਵੇਂ ਦਿਹਾੜੇ ਮੌਕੇ ਬੈਲਜ਼ੀਅਮ 'ਚ ਸ਼ਰਧਾਂਜਲੀ ਸਮਾਗਮ, ਤਸਵੀਰਾਂ

11/14/2019 2:55:59 PM

ਰੋਮ (ਕੈਂਥ): ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਹਰ ਸਾਲ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਸਲਾਨਾ ਸਮਾਗਮ ਕਰਵਾਏ ਜਾਂਦੇ ਹਨ। ਕਾਥੇਦਰਾਲ ਚਰਚ ਨੇੜਿਓਂ ਸਵੇਰੇ 9 ਵਜੇ ਸ਼ੁਰੂ ਹੋਈ ਪਰੇਡ ਵਿੱਚ ਵੱਖ-ਵੱਖ ਦੇਸਾਂ ਦੀਆਂ ਸੈਨਾਵਾਂ ਦੀਆਂ ਟੁਕੜੀਆਂ ਅਤੇ ਵੱਖ-ਵੱਖ ਗਰੁੱਪਾਂ ਸਮੇਤ ਸਿੱਖ ਭਾਈਚਾਰੇ ਨੇ ਵੀ ਸ਼ਿਰਕਤ ਕੀਤੀ। ਮੁੱਖ ਸਮਾਗਮ ਮੀਨਨ ਗੇਟ ਸਮਾਰਕ 'ਤੇ ਹੋਇਆ, ਜਿੱਥੇ ਦੁਨੀਆ ਭਰ ਵਿੱਚੋਂ ਆਏ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਅਤੇ ਆਗੂਆਂ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭਂੇਟ ਕੀਤੀ। 

ਸਥਾਨਕ ਮੇਅਰ ਇਮਲੀ ਟਾਲਪੇ, ਵੈਸਟ ਫਲਾਂਨਦਰਨ ਦੇ ਗਵਰਨਰ, ਫੈਡਰਲ ਸਰਕਾਰ ਵੱਲੋਂ ਇੱਕ ਲੋਕ ਸਭਾ ਮੈਂਬਰ ਅਤੇ ਭਾਰਤ ਵੱਲੋਂ ਸੈਨਾ ਦੇ ਇੱਕ ਬ੍ਰਿਗੇਡੀਅਰ ਨੇ ਹਾਜ਼ਰੀ ਲਗਵਾਈ। ਸਿੱਖ ਕੌਮ ਵੱਲੋਂ ਹਾਜਰੀ ਲਈ ਇੰਗਲੈਂਡ ਤੋਂ ਵਿਸੇਸ਼ ਤੌਰ 'ਤੇ ਭਾਈ ਦਵਿੰਦਰਜੀਤ ਸਿੰਘ, ਭਾਈ ਜਸਪਾਲ ਸਿੰਘ, ਗੁਰਦੀਪ ਸਿੰਘ ਸੰਧੂ, ਫਰਾਂਸ ਤੋਂ ਸੁਖਦੇਵ ਸਿੰਘ ਖਾਲੂ, ਪੱਤਰਕਾਰ ਦਲਜੀਤ ਸਿੰਘ ਬਾਬਕ ਅਤੇ ਬੈਲਜ਼ੀਅਮ ਤੋਂ ਭਾਈ ਜਗਦੀਸ਼ ਸਿੰਘ ਭੁਰਾ ਹੋਰਾਂ ਦੇ ਨਾਮ ਜਿਕਰਯੋਗ ਹਨ। ਹਮੇਸ਼ਾ ਦੀ ਤਰ੍ਹਾਂ 11 ਵੱਜ ਕੇ 11 ਮਿੰਟ 'ਤੇ ਇੱਕ ਮਿੰਟ ਦਾ ਮੌਨ ਰੱਖਿਆ ਗਿਆ। 

ਜ਼ਿਕਰਯੋਗ ਹੈ ਕਿ ਮੀਨਨ ਗੇਟ ਸਮਾਰਕ ਤੇ 54896 ਉਹਨਾਂ ਸ਼ਹੀਦ ਫੌਜੀਆਂ ਦੇ ਨਾਮ ਅੰਕਿਤ ਹਨ, ਜਿਨ੍ਹਾਂ ਦੇ ਦਫਨਾਉਣ ਦੀ ਜਗ੍ਹਾ ਬਾਰੇ ਕੋਈ ਪੁਖਤਾ ਜਾਣਕਾਰੀ ਨਹੀ ਹੈ। ਇਹਨਾਂ ਵਿੱਚ ਬਹੁਤੇ ਕਨੈਡੀਅਨ, ਆਸਟ੍ਰੇਲੀਅਨ, ਬਰਤਾਨਵੀ ਅਤੇ ਉਸ ਸਮੇਂ ਬਰਤਾਨਵੀ ਹਕੂਮਤ ਹੇਠ ਗੁਲਾਮ ਭਾਰਤ ਵੱਲੋਂ ਲੜਨ ਆਏ ਸਿੱਖ, ਮੁਸਲਿਮ ਅਤੇ ਹਿੰਦੂਆਂ ਦੇ ਨਾਮ ਵੀ ਹਨ। ਇਹ ਸਮਾਰਕ 1927 ਵਿੱਚ ਸਥਾਪਤ ਕੀਤਾ ਗਿਆ ਸੀ, ਜਿਸ ਹੇਠ ਰੋਜ਼ਾਨਾ ਸ਼ਾਮੀ 8 ਵਜੇ ਪਰੇਡ ਹੁੰਦੀ ਹੈ ਜੋ ਦੂਜੇ ਵਿਸ਼ਵ ਯੁੱਧ ਸਮੇਂ ਸਿਰਫ ਕੁੱਝ ਦਿਨਾਂ ਲਈ ਰੋਕੀ ਗਈ ਸੀ। ਇਸ ਸਮੇਂ ਈਪਰ ਦੇ ਮੁੱਖ ਚੌਂਕ ਵਿੱਚ ਸਿੱਖ ਨੌਜਵਾਨਾਂ ਗੁਰਪ੍ਰੀਤ ਸਿੰਘ ਰਟੌਲ ਅਤੇ ਪਰਿਲਾਦ ਸਿੰਘ ਹੋਰਾਂ ਨੇ ਸਮੋਸਿਆਂ ਦਾ ਅਤੇ ਗੈਂਟ ਗੁਰੂਘਰ ਵੱਲੋਂ ਚਾਹ ਦਾ ਲੰਗਰ ਵੀ ਲਗਾਇਆ ਗਿਆ ਜਿਸ ਨੂੰ ਛਕਦੇ ਹੋਏ ਠੰਡ ਵਿੱਚ ਠੁਰ-ਠੁਰ ਕਰਦੇ ਗੋਰਿਆਂ ਨੇ ਬਹੁਤ ਸਰਾਹਿਆ।

ਹੋਲੇਬੇਕੇ ਸਮਾਰਕ 'ਤੇ ਅਰਦਾਸ 


ਮੁੱਖ ਸਮਾਗਮ ਤੋਂ ਬਾਅਦ ਬੈਲਜ਼ੀਅਮ ਅਤੇ ਯੂਰਪ ਭਰ ਵਿੱਚੋਂ ਆਈਆਂ ਸਿੱਖ ਸੰਗਤਾਂ ਨੇ ਹੋਲੇਬੇਕੇ ਸਮਾਰਕ 'ਤੇ ਜਾ ਕੇ ਸਿਜਦਾ ਕੀਤਾ। ਮਾਤਾ ਸਾਹਿਬ ਕੌਰ ਗੁਰਦਵਾਰਾ ਸਾਹਿਬ ਗੈਂਟ ਦੇ ਵਜ਼ੀਰ ਭਾਈ ਮਨਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਸੰਗਤਾਂ ਨੇ ਲੰਗਰ ਛਕਿਆ। ਮੀਂਹ ਕਾਰਨ ਅਤੇ ਗੁਰਪੁਰਬ ਕਾਰਨ ਸੰਗਤਾਂ ਦੀ ਹਾਜ਼ਰੀ ਘੱਟ ਰਹੀ। ਇਹਨਾਂ ਸਲਾਨਾ ਸਮਾਗਮਾ ਵਿੱਚ ਹਰ ਸਾਲ ਸਿੱਖ ਸੰਗਤਾਂ ਨੂੰ ਇਕੱਠੀਆਂ ਕਰ ਸਿੱਖਾਂ ਦੀ ਵੱਡੀ ਤੇ ਜ਼ਿਕਰਯੋਗ ਹਾਜ਼ਰੀ ਲਗਾਵਾਉਣ ਲਈ ਉਪਰਾਲੇ ਕਰਨ ਵਾਲੇ ਆਗੂ ਭਾਈ ਜਗਦੀਸ਼ ਸਿੰਘ ਭੂਰਾ ਦਾ ਕਹਿਣਾ ਹੈ ਕਿ ਇਹ ਸਾਂਝਾ ਕਾਰਜ ਹੁੰਦਾ ਹੈ ਤੇ ਅੰਤਰਾਸਟਰੀ ਪੱਧਰ 'ਤੇ ਸਿੱਖ ਕੌਮ ਦੀ ਵੱਖਰੀ ਹੋਂਦ ਦਰਸਾਉਣ ਦਾ ਖਾਸ ਮੌਕਾ ਹੋਣ ਕਾਰਨ ਸਿੱਖ ਭਾਈਚਾਰੇ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ। 

ਇਸ ਮੌਕੇ ਗੁਰਦੇਵ ਸਿੰਘ, ਬਲਕਾਰ ਸਿੰਘ, ਸੁਪਿੰਦਰ ਸਿੰਘ ਸੰਘਾਂ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਰਟੌਲ, ਧਰਮਿੰਦਰ ਸਿੰਘ ਸਿੱਧੂ, ਜਗਦੀਸ਼ ਸਿੰਘ ਗਰੇਵਾਲ, ਗਗਨਦੀਪ ਸਿੰਘ ਮਾਨ, ਯਾਦਵਿੰਦਰ ਸਿੰਘ, ਰਾਜਵਿੰਦਰ ਸਿੰਘ, ਅਜਾਇਬ ਸਿੰਘ, ਬਲਜਿੰਦਰ ਸਿੰਘ, ਮਨਜੋਤ ਸਿੰਘ, ਹਰਜੋਤ ਸਿੰਘ, ਹਰਭਜਨ ਸਿੰਘ ਅਤੇ ਹਰਜਿੰਦਰ ਸਿੰਘ ਬਲੂਮੈਂਨ ਹਾਜਰ ਸਨ ਅਤੇ ਲੰਗਰ ਦੀ ਸੇਵਾ ਇੰਡੀਅਨ ਕਰੀ ਹਾਊਸ ਗੈਂਟ ਵੱਲੋਂ ਕੀਤੀ ਗਈ।

Vandana

This news is Content Editor Vandana