ਨਵਾਜ਼ ਸ਼ਰੀਫ ਦੀ ਬੇਟੀ ਹੋਣ ਦੇ ਕਾਰਨ ਜੇਲ ''ਚ ਹਾਂ : ਮਰਿਅਮ

07/15/2018 8:46:06 PM

ਲਾਹੌਰ— ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਨੇਤਾ ਮਰਿਅਮ ਨਵਾਜ਼ ਨੇ ਕਿਹਾ ਕਿ ਇਕ ਬਹਾਦਰ ਇਨਸਾਨ ਦੀ ਬੇਟੀ ਹੋਣ ਦੇ ਕਾਰਨ ਉਹ ਜੇਲ 'ਚ ਹੈ। ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ੁੱਕਰਵਾਰ ਨੂੰ 68 ਸਾਲਾ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰਿਅਮ (44) ਨੂੰ ਲੰਡਨ ਤੋਂ ਵਾਪਸੀ ਦੇ ਤੁਰੰਤ ਬਾਅਦ ਲਾਹੌਰ ਹਵਾਈ ਅੱਡੇ 'ਤੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਨੂੰ ਰਾਵਲਪਿੰਡੀ ਦੇ ਅਡਿਆਲਾ ਜੇਲ ਲਿਜਾਇਆ ਗਿਆ ਸੀ।
ਜੇਲ ਜਾਣ ਤੋਂ ਪਹਿਲਾਂ ਇਕ ਭਾਵੁੱਕ ਆਡੀਓ ਸੰਦੇਸ਼ 'ਚ ਮਰਿਅਮ ਨੇ ਉਨ੍ਹਾਂ ਦੀ ਮਾਂ ਦੀ ਸਿਹਤ ਦੇ ਲਈ ਦੁਆ ਮੰਗਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਆਪਣੀ ਮਾਂ ਨੂੰ ਗੰਭੀਰ ਹਾਲਤ 'ਚ ਛੱਡ ਕੇ ਆਈ ਹਾਂ। ਮੈਂ ਆਪਣੇ ਪਿਤਾ ਨਵਾਜ਼ ਸ਼ਰੀਫ ਨਾਲ ਉਨ੍ਹਾਂ ਨੂੰ ਮਿਲਣ ਗਈ ਸੀ। ਇਕ ਪੱਤਰਕਾਰ ਏਜੰਸੀ ਦੇ ਮੁਤਾਬਕ ਮਰਿਅਮ ਨੇ ਕਿਹਾ ਕਿ ਅਸੀਂ ਬੇਹੋਸ਼ੀ ਦੀ ਹਾਲਤ 'ਚ ਉਨ੍ਹਾਂ ਨੂੰ ਮਿਲੇ ਤੇ ਜਦੋਂ ਅਸੀਂ ਪਰਤੇ ਤਾਂ ਉਨ੍ਹਾਂ ਨੇ ਸਾਡੇ ਵੱਲ ਦੇਖਿਆ ਪਰ ਗੱਲ ਨਹੀਂ ਕਰ ਸਕੀ। ਮਰਿਅਮ ਦੀ ਮਾਂ ਕੁਲਸੁਮ ਨਵਾਜ਼ ਨੂੰ ਲੰਡਨ 'ਚ ਦਿਲ ਦਾ ਦੌਰਾ ਪਿਆ ਸੀ ਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਉਥੇ ਉਹ ਗਲੇ ਦੇ ਕੈਂਸਰ ਦਾ ਇਲਾਜ ਕਰਵਾ ਰਹੀ ਹੈ।
ਮਰਿਅਮ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਉਹ ਠੀਕ ਹੋ ਜਾਣ ਤੇ ਮੈਂ ਉਨ੍ਹਾਂ ਨੂੰ ਗਲੇ ਲਗਾ ਸਕਾਂ। ਉਨ੍ਹਾਂ ਅੱਗੇ ਕਿਹਾ ਕਿ ਉਹ ਮੈਨੂੰ ਮੇਰੇ ਪਿਤਾ ਦੀ ਕਮਜ਼ੋਰੀ ਬਣਾਉਣਾ ਚਾਹੁੰਦੇ ਹਨ ਪਰ ਮੈਂ ਉਨ੍ਹਾਂ ਦੀ ਤਾਕਤ ਦਾ ਜ਼ਰੀਆ ਹਾਂ। ਮਰਿਅਮ ਨੇ ਪੱਤਰਕਾਰਾਂ ਨੂੰ 25 ਜੁਲਾਈ ਨੂੰ ਆਮ ਚੋਣਾਂ ਦੇ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਜੇਲ 'ਚ ਨਹੀਂ ਹੁੰਦੀ ਤਾਂ ਮੈਂ ਤੁਹਾਡੇ ਨਾਲ ਸੜਕਾਂ 'ਤੇ ਉਤਰ ਕੇ ਇਹ ਇਤਿਹਾਸਿਕ ਲੜਾਈ ਲੜਦੀ। ਮਰਿਅਮ ਨੇ ਕਿਹਾ ਕਿ ਚੋਣ ਮੈਦਾਨ 'ਚ ਹੋਣ ਕਾਰਨ ਸਿਰਫ ਇਕ ਹੀ ਸੀਟ ਤੋਂ ਚੋਣ ਲੜਦੀ ਪਰ ਅੱਜ ਉਹ 272 ਖੇਤਰਾਂ ਤੋਂ ਚੋਣ ਲੜ ਰਹੀ ਹੈ। ਜਵਾਬਦੇਹੀ ਅਦਾਲਤ ਨੇ ਸ਼ਰੀਫ ਤੇ ਮਰਿਅਮ ਨੂੰ ਲੜੀਵਾਰ 10 ਤੇ 7 ਸਾਲ ਦੀ ਸਜ਼ਾ ਸੁਣਾਈ ਹੈ। ਪਨਾਮਾ ਪੇਪਰਜ਼ ਮਾਮਲੇ 'ਚ ਸ਼ਰੀਫ ਨੂੰ ਪਿਛਲੇ ਸਾਲ ਸੁਪਰੀਮ ਕੋਰਟ ਨੇ ਅਯੋਗ ਐਲਾਨ ਕੀਤਾ ਸੀ।