ਬ੍ਰਿਟਿਸ਼ ਕੋਲੰਬੀਆ ਵਿਚ ਸਤੰਬਰ ਤੋਂ ਕੋਰੋਨਾ ਟੈਸਟਿੰਗ ਨੂੰ ਲੈ ਕੇ ਬਦਲੇਗਾ ਇਹ ਨਿਯਮ

08/21/2020 1:00:33 PM

ਸਰੀ- ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਕਾਰ ਜਲਦ ਹੀ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਟੈਸਟਿੰਗ ਸ਼ੁਰੂ ਹੋਣ ਜਾ ਰਹੀ ਹੈ।


ਬੀ. ਸੀ. ਦੇ ਸਿਹਤ ਮੰਤਰੀ ਨੇ ਕਿਹਾ ਕਿ ਸਤੰਬਰ ਤੋਂ ਸੂਬੇ ਵਿਚ ਰੋਜ਼ਾਨਾ 20 ਹਜ਼ਾਰ ਲੋਕਾਂ ਦੇ ਟੈਸਟ ਕੀਤੇ ਜਾਣਗੇ, ਤਾਂ ਜੋ ਸਮੇਂ ਸਿਰ ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਣ ਵਿਚ ਮਦਦ ਮਿਲ ਸਕੇ। ਮੌਜੂਦਾ ਸਮਾਂ ਸੂਬੇ ਵਿਚ ਲਗਭਗ 8 ਹਜ਼ਾਰ ਪ੍ਰਤੀ ਦਿਨ ਟੈਸਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਟੈਸਟਿੰਗ ਦੀ ਮੰਗ ਵੀ ਵੱਧ ਗਈ ਹੈ ਕਿਉਂਕਿ ਆਉਣ ਵਾਲੇ ਸਰਦੀ ਦੇ ਮੌਸਮ ਵਿਚ ਜ਼ੁਕਾਮ ਤੇ ਫਲੂ ਹੋਣ ਦਾ ਖਤਰਾ ਉਂਝ ਵੀ ਬਣਿਆ ਰਹਿੰਦਾ ਹੈ। 

ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਟੈਸਟਿੰਗ ਲਈ ਸੇਵਾਵਾਂ ਖੁੱਲ੍ਹੇ ਰਹਿਣ ਦੀ ਸਮਾਂ ਹੱਦ ਵਧਾਉਣ ਦੇ ਨਾਲ-ਨਾਲ ਹੋਰ ਥਾਵਾਂ 'ਤੇ ਵੀ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਜਦੋਂ ਜ਼ਰੂਰਤ ਹੋਵੇ ਉਹ ਟੈਸਟ ਕਰਵਾ ਸਕਣ। ਗੌਰਤਲਬ ਹੈ ਕਿ ਵੈਨਕੁਵਰ ਕੌਸਟਲ ਹੈਲਥ ਨੇ ਸ਼ਹਿਰ ਵਿਚ ਨਵੇਂ ਟੈਸਟਿੰਗ ਕੇਂਦਰ ਖੋਲ੍ਹਣ ਦੀ ਘੋਸ਼ਣਾ ਕੀਤੀ ਹੈ। ਜੋ ਸਵੇਰੇ 9 ਤੋਂ ਸ਼ਾਮ ਸਾਢੇ 7 ਵਜੇ ਤਕ ਖੁੱਲ੍ਹੇ ਰਹਿਣਗੇ ਤੇ ਇਨ੍ਹਾਂ ਕੇਂਦਰਾਂ ਵਿਚ 'ਪਹਿਲਾਂ ਆਓ ਪਹਿਲਾਂ ਟੈਸਟ' ਦੇ ਆਧਾਰ 'ਤੇ ਸੇਵਾ ਦਿੱਤੀ ਜਾਵੇਗੀ। ਲੋਕਾਂ ਨੂੰ ਟੈਸਟਿੰਗ ਲਈ ਪਹਿਲਾਂ ਤੋਂ ਕੋਈ ਮਨਜ਼ੂਰੀ ਨਹੀਂ ਲੈਣੀ ਪਵੇਗੀ। ਹਾਲਾਂਕਿ ਵਿਭਾਗ ਨੇ ਕਿਹਾ ਕਿ ਜਿਨ੍ਹਾਂ 'ਚ ਲੱਛਣ ਹੋਣਗੇ, ਉਨ੍ਹਾਂ ਦਾ ਟੈਸਟ ਪਹਿਲਾਂ ਹੋਵੇਗਾ। 

Lalita Mam

This news is Content Editor Lalita Mam