ਵਿਵਾਦਾਂ ''ਚ ਘਿਰੇ ਆਸਟ੍ਰੇਲੀਆਈ ਉੱਪ ਪ੍ਰਧਾਨ ਮੰਤਰੀ ਦੀਆਂ ਵਧੀਆਂ ਮੁਸ਼ਕਲਾਂ

02/20/2018 4:36:33 PM

ਸਿਡਨੀ— ਆਪਣੀ ਸਾਬਕਾ ਪ੍ਰੈੱਸ ਸਕੱਤਰ ਨਾਲ ਪ੍ਰੇਮ ਸੰਬੰਧਾਂ ਨੂੰ ਲੈ ਕੇ ਵਿਵਾਦਾਂ ਵਿਚ ਆਏ ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ ਅਤੇ ਨੈਸ਼ਨਲ ਪਾਰਟੀ ਦੇ ਨੇਤਾ ਬਾਰਨਬਾਏ ਜੌਇਸ ਨੂੰ ਪੱਛਮੀ ਆਸਟ੍ਰੇਲੀਆ ਦੀ ਪਾਰਟੀ ਇਕਾਈ ਨੇ ਆਪਣਾ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੌਇਸ ਖੁਦ ਇਨ੍ਹਾਂ ਸੰਬੰਧਾਂ ਨੂੰ ਸਵੀਕਾਰ ਕਰ ਚੁੱਕੇ ਹਨ ਅਤੇ ਇਹ ਵੀ ਕਿਹਾ ਹੈ ਕਿ ਉਹ ਪਿਤਾ ਬਣਨ ਵਾਲੇ ਹਨ। 
ਮੀਡੀਆ ਵਿਚ ਇਹ ਮਾਮਲਾ ਕਾਫੀ ਭਖਿਆ ਹੋਇਆ ਹੈ ਪਰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਰਟੀ ਦੀ ਪੱਛਮੀ ਆਸਟ੍ਰੇਲੀਆ ਇਕਾਈ ਦੇ ਨੇਤਾ ਡੇਵਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ, ''ਮੈਂ ਅੱਜ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਪਾਰਟੀ ਇਕਾਈ ਵਲੋਂ ਉਨ੍ਹਾਂ ਨੂੰ ਕੋਈ ਸਮਰਥਨ ਨਹੀਂ ਮਿਲੇਗੀ। ਉਨ੍ਹਾਂ ਦੇ ਇਸ ਤਰ੍ਹਾਂ ਦੇ ਕੰਮ ਨਾਲ ਨਾ ਸਿਰਫ ਪਾਰਟੀ ਸਗੋਂ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਕਾਫੀ ਦੁੱਖ ਪਹੁੰਚਿਆ ਹੈ ਅਤੇ ਰਾਸ਼ਟਰੀ ਪੱਧਰ 'ਤੇ ਪਾਰਟੀ ਦਾ ਅਕਸ ਵੀ ਖਰਾਬ ਹੋਇਆ ਹੈ, ਜੋ ਮੇਰੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦਰਮਿਆਨ ਜੌਇਸ ਦੇ ਬੁਲਾਰੇ ਨੇ ਇਸ ਘਟਨਾਕ੍ਰਮ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ।