ਬਾਰਸਿਲੋਨਾ ਹਮਲੇ ਦੇ 2 ਸ਼ੱਕੀ ਮੋਰੱਕੋ ਵਿਚ ਗ੍ਰਿਫਤਾਰ

08/23/2017 5:26:21 PM

ਰਬਤ— ਬਾਰਸਿਲੋਨਾ ਵਿਚ ਵੈਨ ਹਮਲੇ ਵਿਚ 13 ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦੇ ਕਥਿਤ ਸਾਜਿਸ਼ਕਰਤਾਵਾਂ ਨਾਲ ਸਬੰਧ ਰੱਖਣ ਵਾਲੇ 2 ਸ਼ੱਕੀਆਂ ਨੂੰ ਮੋਰੱਕੋ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ । ਸਰਕਾਰੀ ਟੀਵੀ ਚੈਨਲ ਨੇ ਅੱਜ ਇਹ ਜਾਣਕਾਰੀ ਦਿੱਤੀ । ਇਨ੍ਹਾਂ ਵਿਚੋਂ ਇਕ 28 ਸਾਲ ਦੇ ਵਿਅਕਤੀ ਨੂੰ ਨਾਡੋਰ ਵਿਚ ਗ੍ਰਿਫਤਾਰ ਕੀਤਾ ਗਿਆ ਜੋ ਮੇਲੀਲਾ ਦੇ ਸਪੈਨਿਸ਼ ਐਨਕਲੇਵ ਦੇ ਨੇੜੇ ਹੀ ਹੈ । ਚੈਨਲ ਮੁਤਾਬਕ ਉਸ ਉੱਤੇ ਨਾ ਸਿਰਫ ਇਸਲਾਮੀਕ ਸਟੇਟ ਨਾਲ ਸਬੰਧ ਹੋਣ ਦਾ ਸ਼ੱਕ ਹੈ, ਸਗੋਂ ਉਸ ਨੇ ਰਬਤ ਵਿਚ ਸਪੇਨ ਦੇ ਦੂਤਘਰ ਉੱਤੇ ਹਮਲੇ ਦੀ ਯੋਜਨਾ ਵੀ ਬਣਾਈ ਸੀ । ਹਾਲਾਂਕਿ ਸ਼ੱਕੀ ਵੱਲੋਂ ਫੇਸਬੁਕ ਉੱਤੇ ਬਾਰਸਿਲੋਨਾ ਹਮਲੇ ਦਾ ਜਸ਼ਨ ਮਨਾਉਣ ਦੀ ਖਬਰ ਜਰੂਰ ਹੈ । ਚੈਨਲ ਮੁਤਾਬਕ ਅਲਜੀਰੀਆ ਨਾਲ ਲੱਗਦੇ ਮੋਰੱਕੋ ਦੇ ਸਰਹੱਦੀ ਓਉਜਦਾ ਸ਼ਹਿਰ ਤੋਂ ਦੂਜੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੂਜਾ ਸ਼ੱਕੀ ਉਤਰੀ ਪੂਰਬੀ ਸਪੇਨ ਦੇ ਰਿਪੋਲ ਦਾ ਨਿਵਾਸੀ ਹੈ ਜਿੱਥੇ ਅੱਤਵਾਦੀ ਸੈਲ ਨਾਲ ਜੁੜੇ ਕਈ ਮੈਂਬਰ ਰਹਿੰਦੇ ਹਨ ।    
ਦੋਵਾਂ ਸ਼ੱਕੀਆਂ ਨੂੰ ਪਿਛਲੇ ਐਤਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ । ਇਸ ਮਾਮਲੇ ਵਿਚ ਮੋਰੱਕੋ ਦੇ ਅਧਿਕਾਰੀਆਂ ਨੇ ਪ੍ਰਤੀਕਿਰਿਆ ਪ੍ਰਗਟ ਕਰਨ ਤੋਂ ਮਨਾਹੀ ਕਰ ਦਿੱਤੀ । ਧਿਆਨਦੇਣ ਯੋਗ ਹੈ ਕਿ ਬਾਰਸਿਲੋਨਾ ਵਿਚ ਪਿਛਲੇ ਵੀਰਵਾਰ ਨੂੰ ਸਪੇਨ ਪੁਲਸ ਨੇ 22 ਸਾਲ ਦੇ ਮੋਰੱਕੋ ਨਿਵਾਸੀ ਵੈਨ ਡਰਾਈਵਰ ਯੂਨੁਸ ਅਬੌਯਾਕੌਬ ਨੂੰ ਮਾਰਨ ਦਾ ਦਾਅਵਾ ਕੀਤਾ ਸੀ । ਉਸ ਦੀ ਵੈਨ ਨੇ ਲਾਸ ਰਾਮਬਲਾਸ ਵਿਚ 13 ਲੋਕਾਂ ਦੀ ਜਾਨ ਲੈ ਲਈ ਸੀ ਅਤੇ 120 ਹੋਰ ਨੂੰ ਜ਼ਖਮੀ ਕਰ ਦਿੱਤਾ ਸੀ ।