ਔਰਤਾਂ ਹੱਥ ਆਵੇ ਹਰ ਦੇਸ਼ ਦੀ ਸੱਤਾ ਤਾਂ ਸੁਧਰ ਜਾਵੇਗੀ ਦੁਨੀਆ : ਬਰਾਕ ਓਬਾਮਾ

12/17/2019 1:44:20 PM

ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਜੇਕਰ ਦੁਨੀਆ ਦੇ ਹਰ ਦੇਸ਼ ਦੀ ਕਮਾਨ ਔਰਤਾਂ ਦੇ ਹੱਥ ਦੇ ਦਿੱਤੀ ਜਾਵੇ ਤਾਂ ਲੋਕਾਂ ਦਾ ਰਹਿਣ-ਸਹਿਣ ਸੁਧਰ ਜਾਵੇਗਾ ਅਤੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਜੇਕਰ ਹਰ ਦੇਸ਼ ਦੀ ਸੱਤਾ ਔਰਤ ਦੇ ਹੱਥ 'ਚ ਹੋਵੇ ਤਾਂ ਇਹ ਦੁਨੀਆ ਬਿਹਤਰ ਹੋਵੇਗੀ। ਸਿੰਗਾਪੁਰ 'ਚ ਸੋਮਵਾਰ ਨੂੰ ਇਕ ਲੀਡਰਸ਼ਿਪ ਇਵੈਂਟ ਨੂੰ ਸੰਬੋਧਤ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਔਰਤਾਂ ਭਾਵੇਂ ਕਿ ਹਰ ਕੰਮ 'ਚ ਸੰਪੂਰਣ ਨਹੀਂ ਹੁੰਦੀਆਂ ਪਰ ਉਹ ਬਿਨਾਂ ਕਿਸੇ ਵਿਵਾਦ ਦੇ ਮਰਦਾਂ ਨਾਲੋਂ ਵਧੇਰੇ ਚੰਗਾ ਕੰਮ ਕਰ ਲੈਂਦੀਆਂ ਹਨ। ਵਧੇਰੇ ਪੁਰਸ਼ ਨੇਤਾਵਾਂ ਕਾਰਨ ਸਮੱਸਿਆਵਾਂ ਵਧਦੀਆਂ ਹਨ। ਮੈਨੂੰ ਆਸ ਹੈ ਕਿ ਜੇਕਰ 2 ਸਾਲਾਂ ਲਈ ਦੁਨੀਆ ਦੇ ਹਰ ਦੇਸ਼ ਦੀ ਕਮਾਨ ਔਰਤਾਂ ਨੂੰ ਸੌਂਪੀ ਜਾਵੇ ਤਾਂ ਤੁਸੀਂ ਦੇਖੋਗੇ ਕਿ ਉਹ ਸਮੱਸਿਆਵਾਂ ਦੇ ਚੰਗੇ ਹੱਲ ਲੱਭ ਸਕਣਗੀਆਂ। ਜਦ ਓਬਾਮਾ ਨੂੰ ਪੁੱਛਿਆ ਗਿਆ ਕਿ ਕੀ ਉਹ ਮੁੜ ਸੱਤਾ 'ਚ ਆਉਣਗੇ ਤਾਂ ਉਨ੍ਹਾਂ ਕਿਹਾ ਕਿ ਮੇਰਾ ਸਮਾਂ ਆਇਆ ਸੀ ਤੇ ਚਲਾ ਗਿਆ ਹੈ। ਮੈਂ ਮੰਨਦਾ ਹਾਂ ਕਿ ਨੇਤਾਵਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੂੰ ਕਦੋਂ ਰਾਜਨੀਤੀ 'ਚੋਂ ਪੈਰ ਖਿੱਚ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੇਤਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਨੌਕਰੀ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ 2009 ਤੋਂ 2017 ਤਕ ਅਮਰੀਕੀ ਰਾਸ਼ਟਰਪਤੀ ਰਹਿਣ ਦੇ ਬਾਅਦ ਤੋਂ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਨੇ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ ਜੋ ਦੁਨੀਆਭਰ ਦੇ ਨੌਜਵਾਨ ਲੀਡਰਜ਼ ਨੂੰ ਸਲਾਹ ਦਿੰਦੇ ਹਨ। ਉੱਥੇ ਹੀ ਅਮਰੀਕਾ 'ਚ ਹੁਣ ਤਕ 45 ਰਾਸ਼ਟਰਪਤੀ ਸੱਤਾ ਸੰਭਾਲ ਚੁੱਕੇ ਹਨ ਪਰ ਮਹਾਸ਼ਕਤੀ ਨੇ ਹੁਣ ਤਕ ਇਕ ਵੀ ਮਹਿਲਾ ਰਾਸ਼ਟਰਪਤੀ ਨੂੰ ਨਹੀਂ ਦੇਖਿਆ।