ਕੈਨੇਡਾ ਪੁੱਜੇ ਓਬਾਮਾ, ਤਕਨੀਕੀ ਬਦਲਾਅ ''ਤੇ ਪ੍ਰਗਟ ਕੀਤੀ ਚਿੰਤਾ

09/30/2017 12:28:30 PM

ਟੋਰਾਂਟੋ/ ਵਾਸ਼ਿੰਗਟਨ,(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਤਕਨੀਕ 'ਚ ਤੇਜ਼ੀ ਨਾਲ ਹੋ ਰਹੇ ਬਦਲਾਅ ਦੇ ਪ੍ਰਤੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਹੱਦਾਂ ਨੂੰ ਬੰਦ ਕਰਨ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਨਿਰਮਾਣ ਵਰਗੇ ਉਦਯੋਗਾਂ 'ਚ ਜੋ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ, ਉਹ ਆਟੋਮੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ। ਓਬਾਮਾ ਸ਼ੁੱਕਰਵਾਰ ਨੂੰ ਕੈਨੇਡਾ 'ਚ ਇਕ ਪ੍ਰਗਤੀਸ਼ੀਲ ਕੈਨੇਡੀਅਨ ਥਿੰਕ ਟੈਂਕ ਵਲੋਂ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਖੇਤੀ ਅਰਥ-ਵਿਵਸਥਾ ਨਾਲ ਉਦਯੋਗਿਕ ਅਰਥ-ਵਿਵਸਥਾ 'ਚ ਬਦਲਾਅ 150 ਸਾਲਾਂ ਦੇ ਸਮੇਂ ਦੌਰਾਨ ਸੰਭਵ ਹੋਇਆ ਪਰ ਇਹ ਤਕਨੀਕੀ ਕ੍ਰਾਂਤੀ ਸਿਰਫ 20 ਸਾਲਾਂ ਤੋਂ ਹੋ ਰਹੀ ਹੈ। ਓਬਾਮਾ ਨੇ ਕਿਹਾ ਕਿ ਸਰਕਾਰਾਂ ਲਈ ਤੇਜ਼ ਗਤੀ ਨਾਲ ਹੋ ਰਹੇ ਬਦਲਾਅ ਨਾਲ ਕਦਮਤਾਲ ਕਰਨਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 25 ਸਾਲਾਂ 'ਚ ਵਿਕਸਿਤ ਅਰਥ-ਵਿਵਸਥਾਵਾਂ ਨੂੰ ਇਸ ਤੱਥ ਦਾ ਸਾਹਮਣਾ ਕਰਨਾ ਹੋਵੇਗਾ ਕਿ ਵਧੇਰੇ ਤਨਖਾਹ ਵਾਲੀਆਂ ਨੌਕਰੀਆਂ ਹੁਣ ਨਹੀਂ ਰਹਿਣਗੀਆਂ ਜਿਵੇਂ ਕਿ ਪੁਰਾਣੇ ਤਰੀਕਿਆਂ ਨਾਲ ਹੁੰਦਾ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਰਖਾਨੇ ਖਾਲੀ ਹੋਣਗੇ ਕਿਉਂਕਿ ਉਹ ਸਭ ਰੋਬੋਟ ਅਤੇ ਨਕਲੀ ਇੰਟੈਲੀਜੈਂਸ (ਗਿਆਨ) ਨਾਲ ਚੱਲਣਗੇ। ਨਕਲੀ ਇੰਟੈਲੀਜੈਂਸ ਇਸ ਤਰ੍ਹਾਂ ਦਾ ਸਿਸਟਮ ਹੈ ਜਿਸ 'ਚ ਸੋਚਣ, ਸਮਝਣ ਅਤੇ ਸਿੱਖਣ ਦੀ ਸਮਰੱਥਾ ਵਿਕਸਿਤ ਕੀਤੀ ਜਾਂਦੀ ਹੈ ਜੋ ਵਿਵਹਾਰ ਅਤੇ ਜਵਾਬ ਦੇਣ ਦੇ ਕਾਬਲ ਹੋਵੇ ਅਤੇ ਜੋ ਮਨੁੱਖ ਨਾਲੋਂ ਵੀ ਬੇਹਤਰ ਹੋਵੇ।