4 ਸਾਲ ਪਹਿਲਾਂ ਕੀਤੀ ਸੀ ਔਰਤ ਨੇ ਖੁਦਕੁਸ਼ੀ, ਹੁਣ ਦਫਨਾਈ ਜਾਵੇਗੀ ਮ੍ਰਿਤਕ ਦੇਹ

04/16/2018 9:28:44 PM

ਢਾਕਾ— ਬੰਗਲਾਦੇਸ਼ ਦੇ ਸੁਪਰੀਮ ਕੋਰਟ ਨੇ ਹਿੰਦੂ ਔਰਤ ਤੇ ਮੁਸਲਿਮ ਪੁਰਸ਼ ਦੇ ਵਿਆਹ ਨਾਲ ਜੁੜਿਆ ਇਕ ਇਤਿਹਾਸਿਕ ਫੈਸਲਾ ਸੁਣਾਇਆ। ਜਿਸ ਤੋਂ ਬਾਅਦ ਹੁਣ ਔਰਤ ਨੂੰ ਉਸ ਦੀ ਮੌਤ ਦੇ ਚਾਰ ਸਾਲ ਬਾਅਦ ਦਫਨਾਇਆ ਜਾਵੇਗਾ। ਅਸਲ 'ਚ 2013 'ਚ ਇਥੇ ਇਕ ਹਿੰਦੂ ਔਰਤ ਨੇ ਮੁਸਲਮਾਨ ਵਿਅਕਤੀ ਦੇ ਨਾਲ ਵਿਆਹ ਕੀਤਾ ਸੀ। ਦਾਅਵਾ ਹੈ ਕਿ ਔਰਤ ਨੇ ਵਿਆਹ ਤੋਂ ਬਾਅਦ ਆਪਣਾ ਧਰਮ ਬਦਲ ਲਿਆ ਸੀ। ਹਾਲਾਂਕਿ ਦੋਵਾਂ ਦੇ ਪਰਿਵਾਰ ਨੇ ਇਸ ਵਿਆਹ ਨੂੰ ਮੰਨਣ ਤੋਂ ਨਾਂਹ ਕਰ ਦਿੱਤਾ ਤੇ ਰਿਸ਼ਤਾ ਤੋੜਨ 'ਤੇ ਦਬਾਅ ਬਣਾਇਆ ਗਿਆ।
ਪਤੀ ਨੇ ਕਰ ਲਈ ਸੀ ਖੁਦਕੁਸ਼ੀ
ਘਰਵਾਲਿਆਂ ਦੇ ਦਬਾਅ ਦੇ ਕਾਰਨ ਔਰਤ ਦਾ ਪਤੀ ਕਾਫੀ ਪਰੇਸ਼ਾਨ ਹੋ ਗਿਆ ਸੀ। ਜਿਸ ਤੋਂ ਬਾਅਦ 2014 'ਚ ਵਿਆਹ ਦੇ ਇਕ ਸਾਲ ਬਾਅਦ ਹੀ ਉਸ ਨੇ ਖੁਦਕੁਸ਼ੀ ਕਰ ਲਈ ਸੀ। ਔਰਤ ਵੀ ਆਪਣੇ ਪਤੀ ਦੇ ਜਾਣ ਨਾਲ ਦੁਖੀ ਹੋ ਗਈ ਤੇ 2 ਮਹੀਨੇ ਬਾਅਦ ਹੀ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
ਦਫਨਾਉਣ 'ਤੇ ਵਿਵਾਦ
ਔਰਤ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਦਫਨਾਉਣ ਦਾ ਵਿਰੋਧ ਕੀਤਾ। ਇਕ ਪਾਸੇ ਜਿਥੇ ਕਿਹਾ ਜਾ ਰਿਹਾ ਸੀ ਕਿ ਔਰਤ ਨੇ ਵਿਆਹ ਤੋਂ ਬਾਅਦ ਧਰਮ ਬਦਲ ਲਿਆ ਸੀ। ਜਦਕਿ ਔਰਤ ਦੇ ਪਰਿਵਾਰ ਵਾਲਿਆਂ ਦਾ ਦਾਅਵਾ ਸੀ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਦੁਬਾਰਾ ਆਪਣੇ ਧਰਮ 'ਚ ਵਾਪਸ ਆ ਗਈ ਸੀ। 
ਔਰਤ ਦੇ ਪਰਿਵਾਰ ਵਾਲਿਆਂ ਨੇ ਇਸ ਦਲੀਲ ਦੇ ਨਾਲ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਆਪਣੀ ਬੇਟੀ ਦੀ ਲਾਸ਼ ਦਾ ਹਿੰਦੂ ਰੀਤੀ ਰਿਵਾਜਾਂ ਤਹਿਤ ਅਤਿੰਮ ਸਸਕਾਰ ਕਰਨ ਦੀ ਮੰਗ ਕੀਤੀ। ਜਦਕਿ ਲੜਕੇ ਦੇ ਪਰਿਵਾਰ ਵਾਲੇ ਔਰਤ ਦੀ ਲਾਸ਼ ਨੂੰ ਦਫਨਾਉਣ ਦੀ ਮੰਗ ਕਰ ਰਹੇ ਸਨ।
ਪੂਰੇ ਦੇਸ਼ 'ਚ ਇਹ ਮਾਮਲਾ ਚਰਚਾ ਦੀ ਵਿਸ਼ਾ ਬਣਿਆ। ਜਿਸ ਤੋਂ ਬਾਅਦ ਕੇਸ ਦੇਸ਼ ਦੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਕੋਰਟ ਨੇ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਬੀਤੇ ਵੀਰਵਾਰ ਨੂੰ ਆਪਣਾ ਫੈਸਲਾ ਦਿੱਤਾ ਹੈ। ਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਔਰਤ ਨੇ ਕਿਉਂਕਿ ਇਸਲਾਮ ਧਰਮ ਅਪਣਾ ਲਿਆ ਸੀ, ਇਸ ਲਈ ਉਸ ਦੀ ਲਾਸ਼ ਨੂੰ ਦਫਨਾਇਆ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਮੌਤ ਤੋਂ ਬਾਅਦ ਤੋਂ ਹੀ ਔਰਤ ਦੀ ਲਾਸ਼ ਨੂੰ ਮੁਰਦਾਘਰ 'ਚ ਰੱਖਿਆ ਗਿਆ ਸੀ।