ਇਸ ਦੇਸ਼ ''ਚ ਮਾਂ ਦੁਰਗਾ ਦੀ ਹੁੰਦੀ ਹੈ ਖਾਸ ਪੂਜਾ, ਸਜਾਏ ਗਏ ਹਨ 31 ਹਜ਼ਾਰ ਪੰਡਾਲ

10/17/2018 1:57:06 PM

ਢਾਕਾ(ਏਜੰਸੀ)— ਬੰਗਲਾਦੇਸ਼ 'ਚ ਮਾਂ ਦੁਰਗਾ ਪੂਜਾ ਦਾ ਤਿਉਹਾਰ ਇੱਥੋਂ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਇੱਥੇ ਪੂਜਾ ਲਈ 31 ਹਜ਼ਾਰ ਪੰਡਾਲ ਸਜਾਏ ਗਏ ਹਨ। ਹਾਲਾਂਕਿ ਬੰਗਲਾਦੇਸ਼ ਇਕ ਮੁਸਲਮਾਨ ਬਹੁਲਤਾ ਵਾਲਾ ਦੇਸ਼ ਹੈ ਅਤੇ ਇੱਥੇ ਹਿੰਦੂ ਆਬਾਦੀ 8.5 ਫੀਸਦੀ ਹੈ। ਈਦ ਤੋਂ ਬਾਅਦ ਜੇਕਰ ਲੋਕਾਂ ਨੂੰ ਕਿਸੇ ਤਿਉਹਾਰ ਦਾ ਵਧੇਰੇ ਚਾਅ ਹੁੰਦਾ ਹੈ ਤਾਂ ਉਹ ਹੈ ਦੁਰਗਾ ਪੂਜਾ। ਇੱਥੋਂ ਦੀ ਰਾਜਧਾਨੀ ਢਾਕਾ 'ਚ 236 ਪੰਡਾਲ ਸਜਾਏ ਗਏ ਹਨ। ਬੰਗਾਲੀ ਮਾਨਤਾਵਾਂ ਮੁਤਾਬਕ ਤਿਉਹਾਰ ਦੀ ਸ਼ੁਰੂਆਤ ਦੁਰਗਾ ਦੀ ਪੂਜਾ 'ਮਹਾਲਯ' ਨਾਲ ਸ਼ੁਰੂ ਹੁੰਦਾ ਹੈ। ਇਸੇ ਦਿਨ ਦੇ ਨਾਲ 7 ਦਿਨਾਂ ਤਕ ਦੇਵੀ ਪੱਖ ਵੀ ਲੱਗਦਾ ਹੈ। ਬੰਗਲਾਦੇਸ਼ ਦੀ ਕਿਸੇ ਵੀ ਗਲੀ 'ਚੋਂ ਲੰਘ ਜਾਓ ਤੁਹਾਨੂੰ ਹਰ ਪਾਸੇ ਮਾਂ ਦੁਰਗਾ ਦੀਆਂ ਮੂਰਤੀਆਂ ਦਿਖਾਈ ਦੇਵੇਗੀ। ਮੂਰਤੀਕਾਰ ਕਈ ਦਿਨ ਪਹਿਲਾਂ ਹੀ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ।


ਬੰਗਲਾਦੇਸ਼ ਪੂਜਾ ਕਮੇਟੀ ਦੇ ਮਹਾਸਕੱਤਰ ਨੇ ਦੱਸਿਆ ਕਿ ਪੂਰੇ ਦੇਸ਼ 'ਚ ਮਾਂ ਦੁਰਗਾ ਦੀ ਪੂਜਾ ਲਈ 31, 272  ਪੰਡਾਲ ਸਜਾਏ ਗਏ ਹਨ। ਬਾਗੇਰਾਹਟ ਸ਼ਹਿਰ 'ਚ ਦੇਸ਼ ਦਾ ਸਭ ਤੋਂ ਵੱਡਾ ਪੰਡਾਲ ਸਜਾਇਆ ਗਿਆ ਹੈ। ਇਸ 'ਚ 701 ਮੂਰਤੀਆਂ ਰੱਖੀਆਂ ਗਈਆਂ ਹਨ। ਪੂਜਾ ਸ਼ੁਰੂ ਹੋਣ ਦੇ 5-6 ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਰਾਜਸ਼ਾਹੀ ਜ਼ਿਲੇ 'ਚ ਅੱਜ ਵੀ ਪੂਜਾ ਦੀ ਵੱਖਰੀ ਹੀ ਧੂਮ ਹੁੰਦੀ ਹੈ। ਇਸ ਸਾਲ ਮੰਦਰ 'ਚ 22 ਲੱਖ ਟਕੇ (ਬੰਗਲਾਦੇਸ਼ੀ ਰਾਸ਼ੀ) ਦੀ ਮਹਿੰਗੀ ਮੂਰਤੀ ਚੜ੍ਹਾਈ ਗਈ। ਰਫਿਊਜੀ ਕੈਂਪਾਂ 'ਚ ਰਹਿ ਰਹੇ 418 ਹਿੰਦੂਆਂ ਨੇ ਵੀ ਮਿਲ ਕੇ ਵਿਸ਼ਾਲ ਪੰਡਾਲ ਸਜਾਇਆ ਹੈ।


ਇੱਥੇ ਅਸ਼ਟਮੀ 'ਤੇ ਮਹਾਅਸ਼ਟਮੀ ਪੂਜਾ ਹੁੰਦੀ ਹੈ। ਅਸ਼ਟਮੀ ਅਤੇ ਨੌਂਵੀਂ ਵਿਚਕਾਰ ਜੋ ਸਮਾਂ ਆਉਂਦਾ ਹੈ, ਉਸ ਨੂੰ ਸੰਧੀ ਕਿਹਾ ਜਾਂਦਾ ਹੈ। 108 ਕਮਲ ਦੇ ਫੁੱਲਾਂ ਅਤੇ 108 ਦੀਵਿਆਂ ਨਾਲ ਸੰਧੀ ਪੂਜਾ ਕੀਤੀ ਜਾਂਦੀ ਹੈ। ਇਸੇ ਦਿਨ ਕੰਜਕਾਂ ਦੀ ਪੂਜਾ ਹੁੰਦੀ ਹੈ। ਨੌਂਵੀਂ ਵਾਲੇ ਦਿਨ ਇਸ ਤਿਉਹਾਰ ਦੀ ਸਮਾਪਤੀ ਕੀਤੀ ਜਾਂਦੀ ਹੈ ਅਤੇ 'ਅਗਲੇ ਸਾਲ ਫਿਰ ਅਸੀਂ ਮਿਲਾਂਗੇ ਕਹਿ ਕੇ' ਲੋਕ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ।