'ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੀ ਹੈ ਬੰਗਲਾਦੇਸ਼ ਦੀ ਸਾਬਕਾ ਪੀ. ਐੱਮ. ਖਾਲਿਦਾ'

05/19/2019 3:14:43 PM

ਢਾਕਾ— ਬੰਗਲਾਦੇਸ਼ ਰਾਸ਼ਟਰੀ ਪਾਰਟੀ ਦਾ ਕਹਿਣਾ ਹੈ ਕਿ ਜੇਲ ਦੀ ਸਜ਼ਾ ਕੱਟ ਰਹੀ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੀ ਸਿਹਤ ਬੀਤੇ ਇਕ ਹਫਤੇ ਤੋਂ ਠੀਕ ਨਹੀਂ ਹੈ। ਪਾਰਟੀ ਨੇ 3 ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ 73 ਸਾਲਾ ਨੇਤਾ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਬੀ. ਐੱਨ. ਪੀ. ਸਟੈਂਡਿੰਗ ਕਮੇਟੀ ਦੇ ਮੈਂਬਰ ਜਮੀਰੂਦੀਨ ਸਰਕਾਰ ਦਾ ਕਹਿਣਾ ਹੈ ਕਿ ਇਕੱਲੇਪਨ ਅਤੇ ਚੰਗੇ ਇਲਾਜ ਦੀ ਕਮੀ ਕਾਰਨ ਜ਼ੀਆ ਦਿਲ ਦੀ ਬੀਮਾਰੀ ਸਮੇਤ ਹੋਰ ਕਈ ਬੀਮਾਰੀਆਂ ਨਾਲ ਜੂਝ ਰਹੀ ਹੈ।

ਜ਼ੀਆ ਬੀਤੇ ਸਾਲ ਫਰਵਰੀ ਤੋਂ ਢਾਕਾ ਦੀ 200 ਸਾਲ ਪੁਰਾਣੀ ਜੇਲ 'ਚ ਬੰਦ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ 'ਚ 10 ਸਾਲ ਦੀ ਸਜ਼ਾ ਹੋਈ ਹੈ। ਬੰਗਲਾਦੇਸ਼ ਦੇ ਸਥਾਨਕ ਅਖਬਾਰ ਨੇ ਜਮੀਰੂਦੀਨ ਸਰਕਾਰ ਦੇ ਹਵਾਲੇ ਤੋਂ ਕਿਹਾ,'ਖਾਲੀਦਾ ਜ਼ੀਆ ਜ਼ਿੰਦਗੀ ਅਤੇ ਮੌਤ ਵਿਚਕਾਰ ਫਸ ਗਈ ਹੈ। ਉਨ੍ਹਾਂ ਨੂੰ ਜਮਾਨਤ ਨਾ ਮਿਲਣਾ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈ।'

ਸੰਸਦ ਦੇ ਸਾਬਕਾ ਸਪੀਕਰ ਨੇ ਸਰਕਾਰ ਨੂੰ ਕਿਹਾ ਕਿ ਜੀਆ ਨੂੰ ਉਨ੍ਹਾਂ ਦੇ ਪਸੰਦ ਦੇ ਹਸਪਤਾਲ 'ਚ ਇਲਾਜ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਅਜੇ ਤਕ ਕੋਈ ਕਦਮ ਨਹੀਂ ਚੁੱਕਿਆ ਗਿਆ। ਇਹ ਇਕ ਬੁਰਾ ਸੰਕੇਤ ਹੈ ਕਿ ਜ਼ੀਆ ਨੂੰ ਇਲਾਜ ਲਈ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਹੈ। ਉਨ੍ਹਾਂ ਨੂੰ ਹਾਈ ਬਲੱਡ ਸ਼ੂਗਰ ਵੀ ਹੈ। ਇਸ ਲਈ ਉਨ੍ਹਾਂ ਨੂੰ ਇਨਸੁਲੀਨ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੀ ਜੀਭ, ਮੋਢੇ ਅਤੇ ਕੂਹਣੀ 'ਚ ਦਰਦ ਰਹਿੰਦਾ ਹੈ ਤੇ ਉਹ ਪ੍ਰੇਸ਼ਾਨੀ ਝੱਲ ਰਹੀ ਹੈ।