ਬੰਗਲਾਦੇਸ਼: ਇੰਜੀਨੀਅਰ ਨੇ ਕਬੂਲੀ ਹਿੰਦੂਆਂ ''ਤੇ ਹਮਲੇ ਕਰਵਾਉਣ ਦੀ ਗੱਲ

01/19/2018 10:44:11 PM

ਢਾਕਾ— ਬੰਗਲਾਦੇਸ਼ ਦੇ ਇਕ ਸਰਕਾਰੀ ਇੰਜੀਨੀਅਰ ਨੇ ਸ਼ੁੱਕਰਵਾਰ ਨੂੰ ਅਦਾਲਤ 'ਚ ਕਬੂਲ ਕੀਤਾ ਹੈ ਕਿ ਇਕ ਹਿੰਦੂ ਨੌਜਵਾਨ ਵਲੋਂ ਫੇਸਬੁੱਕ 'ਤੇ ਇਤਰਾਜ਼ਯੋਗ ਸਮੱਗਰੀ ਪਾਉਣ ਦੀ ਅਫਵਾਹ ਫੈਲਣ ਤੋਂ ਬਾਅਦ ਉਸ ਨੇ ਲੋਕਾਂ ਨੂੰ ਹਿੰਦੂ ਪਰਿਵਾਰਾਂ 'ਤੇ ਹਮਲੇ ਕਰਨ ਲਈ ਉਕਸਾਇਆ ਸੀ।
ਇਕ ਸਥਾਨਕ ਨਿਊਜ਼ ਚੈਨਲ ਮੁਤਾਬਕ ਰੰਗਪੁਰ ਜ਼ਿਲੇ 'ਚ 10 ਨਵੰਬਰ ਨੂੰ 6-7 ਪਿੰਡਾਂ ਤੋਂ ਤਕਰੀਬਨ 20,000 ਭੜਕੇ ਲੋਕਾਂ ਦੀ ਭੀੜ ਠਾਕੁਰਪੁਰਾ 'ਚ ਇਕੱਠੀ ਹੋਈ ਤੇ ਭੀੜ ਨੇ ਹਿੰਦੂਆਂ ਦੇ 30 ਘਰਾਂ ਨੂੰ ਅੱਗ ਲਗਾ ਦਿੱਤੀ ਸੀ। ਜਦੋਂ ਪੁਲਸ ਨੇ ਸਥਿਤੀ ਨੂੰ ਕੰਟਰੋਲ 'ਚ ਲਿਆਉਣ ਲਈ ਰਬਰ ਦੀਆਂ ਗੋਲੀਆਂ ਚਲਾਈਆਂ ਤੇ ਹੰਝੂ ਗੈਸ ਦੇ ਗੋਲੇ ਸੁੱਟੇ ਤਾਂ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ। 
ਇਸ ਖਬਰ ਦੇ ਸਬੰਧ 'ਚ ਗੰਗਾਚਰਹਾ ਥਾਣੇ ਦੇ ਸੀਨੀਅਰ ਅਧਿਕਾਰੀ ਮਿਸਟਰ ਅਲੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਨੇੜੇ ਦੇ ਮੋਮਿਨਪੁਰ ਪਿੰਡ ਦਾ ਫਜਲਾਰ ਰਹਿਮਾਨ ਉਨ੍ਹਾਂ ਪੰਜ ਦੋਸ਼ੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਹਿੰਦੂਆਂ ਦੇ ਘਰਾਂ ਤੇ ਕਾਰੋਬਾਰਾਂ 'ਤੇ ਹਮਲਾ ਕਰਨ ਲਈ ਉਕਸਾਇਆ। ਅਧਿਕਾਰੀ ਦੇ ਮੁਤਾਬਕ ਰਹਿਮਾਨ ਨੂੰ ਬੀਤੇ ਦਿਨ ਅਦਾਲਤ 'ਚ ਪੇਸ਼ ਕੀਤਾ ਜਾਣ ਤੋਂ ਪਹਿਲਾਂ 12 ਦਿਨਾਂ ਤੱਕ ਪੁਲਸ ਨੇ ਪੁੱਛਗਿੱਛ ਕੀਤੀ ਸੀ। ਅਲੀ ਨੇ ਕਿਹਾ ਕਿ ਰਹਿਮਾਨ ਨੇ ਰੰਗਪੁਰ ਦੇ ਸੀਨੀਅਰ ਮੈਜਿਸਟ੍ਰੇਟ ਦੀ ਅਦਾਲਤ 'ਚ ਆਪਣਾ ਜੁਰਮ ਕਬੂਲ ਕੀਤਾ ਹੈ।