ਬੰਗਲਾਦੇਸ਼ 'ਚ ਕੋਰੋਨਾ ਪੀੜਤ ਬਿਹਾਰੀ ਲੋਕਾਂ ਨਾਲ ਭੇਦਭਾਵ, ਡਿਪਟੀ ਮੁਖੀ ਨੇ ਦਿੱਤੀ ਇਹ ਸਫਾਈ

04/24/2020 4:59:29 PM

ਢਾਕਾ (ਬਿਊਰੋ): ਕੋਰੋਨਾਵਾਇਰਸ ਦੇ ਪ੍ਰਕੋਪ ਦੇ ਵਿਚ ਬੰਗਲਾਦੇਸ਼ ਦੇ ਹਸਪਤਾਲਾਂ ਵਿਚ ਬਿਹਾਰੀ ਭਾਈਚਾਰੇ ਦੇ ਲੋਕਾਂ ਨਾਲ ਭੇਦਭਾਵ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਵਿਚ ਕੋਰੋਨਾ ਦੇ ਇਲਾਜ ਲਈ ਬਣਾਏ ਗਏ 2 ਹਸਪਤਾਲਾਂ ਨੇ ਗੰਦੀਆਂ ਬਸਤੀਆਂ ਵਿਚ ਰਹਿਣ ਵਾਲੇ ਬਿਹਾਰੀ ਭਾਈਚਾਰੇ ਦੇ ਲੋਕਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਜ਼ਾਦੀ ਦੇ ਸਮੇਂ ਭਾਰਤ ਦੇ ਬਿਹਾਰ ਰਾਜ ਵਿਚ ਹੋਈ ਫਿਰਕੂ ਹਿੰਸਾ ਦੇ ਬਾਅਦ ਬੰਗਲਾਦੇਸ਼ ਚਲੇ ਗਏ ਬਿਹਾਰੀ ਮੁਸਲਿਮ ਅੱਜ ਵੀ ਜਿਨੇਵਾ ਕੈਂਪ ਵਿਚ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਹਨ। ਬਿਹਾਰੀ ਭਾਈਚਾਰੇ ਦੇ ਲੋਕ ਦਹਾਕਿਆਂ ਤੋਂ ਸਰਕਾਰੀ ਭੇਦਭਾਵ ਦੀ ਸ਼ਿਕਾਇਤ ਕਰਦੇ ਰਹੇ ਹਨ। 

ਇਹ ਲੋਕ ਬੰਗਲਾਦੇਸ਼ ਦੀਆਂ ਸਭ ਤੋਂ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ ਜਿੱਥੇ ਸਰਕਾਰੀ ਸਹੂਲਤਾਂ ਦੇ ਨਾਮ 'ਤੇ ਕੁਝ ਵੀ ਨਹੀਂ ਹੈ। ਬਿਹਾਰੀ ਭਾਈਚਾਰੇ ਲਈ ਕੰਮ ਕਰਨ ਵਾਲੇ ਕਾਰਕੁੰਨ ਖਾਲਿਦ ਹੁਸੈਨ ਨੇ ਕਿਹਾ ਕਿ ਜਿਨੇਵਾ ਕੈਂਪ ਵਿਚ 2 ਲੋਕਾਂ ਨੂੰ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਲੋਕਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਉਹਨਾਂ ਨੇ ਇਹ ਕਹਿ ਕੇ ਭਰਤੀ ਕਰਨ ਤੋਂ ਮਨਾ ਕਰ ਦਿੱਤਾ ਕਿ ਹਾਲਾਤ ਜ਼ਿਆਦਾ ਖਰਾਬ ਨਹੀਂ ਹਨ।

ਬੰਗਲਾਦੇਸ਼ 'ਚ ਰਹਿੰਦੇ ਹਨ 5 ਲੱਖ ਬਿਹਾਰੀ
ਹੁਸੈਨ ਨੇ ਕਿਹਾ ਕਿ ਜਿਨੇਵਾ ਕੈਂਪ ਵਿਚ ਰਹਿਣ ਵਾਲੇ ਇਕ ਹੋਰ ਵਿਅਕਤੀ ਨੂੰ ਵੀ ਜਦੋਂ ਕੋਰੋਨਾ ਦੇ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਵੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇੱਥੇ ਦੱਸ ਦਈਏ ਕਿ ਕਰੀਬ 5 ਲੱਖ ਬਿਹਾਰੀ ਭਾਈਚਾਰੇ ਦੇ ਲੋਕ ਬੰਗਲਾਦੇਸ਼ ਦੀਆਂ 116 ਬਸਤੀਆਂ ਵਿਚ ਰਹਿੰਦੇ ਹਨ। ਬਿਹਾਰੀ ਭਾਈਚਾਰੇ ਦੇ ਨੇਤਾ ਸਦਾਕਤ ਖਾਨ ਫੱਕੂ ਕਹਿੰਦੇ ਹਨ ਕਿ ਇਕ ਹੋਰ ਕੈਂਪ ਵਿਚ ਵੀ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ ਨੂੰ ਭਰਤੀ ਕਰਨ ਤੋਂ ਮਨਾ ਕਰ ਦਿੱਤਾ ਗਿਆ। ਇਹ ਮਰੀਜ਼ ਹੁਣ ਆਪਣੇ ਇਕ ਕਮਰੇ ਦੇ ਮਕਾਨ ਵਿਚ ਰਹਿਣ ਲਈ ਮਜਬੂਰ ਹੈ। 

ਉੱਧਰ ਇਸ ਦੋਸ਼ 'ਤੇ ਬੰਗਲਾਦੇਸ਼ ਦੇ ਸਿਹਤ ਵਿਭਾਗ ਦੀ ਡਿਪਟੀ ਹੈੱਡ ਨਸੀਮਾ ਸੁਲਤਾਨਾ ਕਹਿੰਦੀ ਹੈ ਕਿ ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ,''ਰਾਜਧਾਨੀ ਢਾਕਾ ਵਿਚ 1 ਕਰੋੜ ਲੋਕ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ। ਸਾਡੇ ਕੋਲ ਲੋੜੀਂਦੇ ਬੈੱਡ ਨਹੀਂ ਹਨ।'' ਸੁਲਤਾਨਾ ਨੇ ਕਿਹਾ ਕਿ ਜਿਹੜੇ ਲੋਕਾਂ ਵਿਚ ਕੋਰੋਨਾ ਦੇ ਘੱਟ ਲੱਛਣ ਹਨ ਉਹਨਾਂ ਨੂੰ ਆਪਣੇ ਘਰ ਵਿਚ ਰਹਿ ਕੇ ਇਲਾਜ ਕਰਨਾ ਚਾਹੀਦਾ ਹੈ। ਜਿਨੇਵਾ ਕੈਂਪ ਵਿਚ ਸਥਿਤੀ ਇੰਨੀ ਖਰਾਬ ਹੈ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਪਰਿਵਾਰ ਦੇ ਨਾਲ ਹੀ ਕੁਆਰੰਟੀਨ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕੋਰੋਨਾ ਸੰਕਟ, 15 ਸਾਲਾ ਭਾਰਤੀ ਕੁੜੀ ਨੇ ਲੋਕਾਂ ਦੇ ਚਿਹਰੇ 'ਤੇ ਲਿਆਂਦੀ ਮੁਸਕਾਨ

ਬੰਗਲਾਦੇਸ਼ 'ਚ ਕੋਰੋਨਾ ਮਾਮਲੇ
ਬੰਗਲਾਦੇਸ਼ ਵਿਚ ਡਾਕਟਰਾਂ ਅਤੇ ਸਿਹਤ ਕਰਮੀਆਂ ਸਮੇਤ ਹੋਰ ਲੋਕਾਂ ਦੇ ਵਿਚ ਕੋਵਿਡ-19 ਦੇ ਇਨਫੈਕਸ਼ਨ ਦਾ ਖਤਰਾ ਵਧਣ ਦੀ ਚਿਤਾਵਨੀ ਦੇ ਮੱਦੇਨਜ਼ਰ ਦੇਸ਼ ਪੱਧਰੀ ਬੰਦ ਨੂੰ 5 ਮਈ ਤੱਕ ਵਧਾ ਦਿੱਤਾ ਗਿਆ ਹੈ। ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ 414 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੁੱਲ ਮਾਮਲੇ ਵੱਧ ਕੇ 4186 ਹੋ ਗਏ ਹਨ। 

Vandana

This news is Content Editor Vandana