ਮਾਣਹਾਨੀ ਦੇ ਦੋ ਮਾਮਲਿਆਂ ''ਚ ਖਾਲਿਦਾ ਜ਼ਿਆ ਨੂੰ ਜ਼ਮਾਨਤ

06/18/2019 5:35:33 PM

ਢਾਕਾ (ਭਾਸ਼ਾ)— ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 10 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਦੀ ਪ੍ਰਮੁੱਖ ਖਾਲਿਦਾ ਜ਼ਿਆ ਨੂੰ ਮੰਗਲਵਾਰ ਨੂੰ ਵੱਡੀ ਰਾਹਤ ਮਿਲੀ। ਹਾਈ ਕੋਰਟ ਨੇ ਮਾਣਹਾਨੀ ਦੇ ਦੋ ਮਾਮਲਿਆਂ ਵਿਚ ਉਨ੍ਹਾਂ ਨੂੰ 6 ਮਹੀਨੇ ਦੀ ਜ਼ਮਾਨਤ ਦੇ ਦਿੱਤੀ। ਭਾਵੇਂਕਿ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਜ਼ਿਆ ਨੂੰ ਜੇਲ ਤੋਂ ਰਿਹਾਅ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਦੋ ਹੋਰ ਮਾਮਲਿਆਂ ਵਿਚ ਦੋਸ਼ੀ ਠਹਿਰਾਈ ਜਾ ਚੁੱਕੀ ਹੈ। 

ਹਾਈ ਕੋਰਟ ਦੇ ਜੱਜ ਨਿਆਂਮੂਰਤੀ ਮੁਹੰਮਦ ਅਬਦੁੱਲ ਹਬੀਬ ਅਤੇ ਨਿਆਂਮੂਰਤੀ ਅਹਿਦਮ ਸੋਹੇਲ ਦੀ ਬੈਂਚ ਨੇ ਜ਼ਿਆ ਦੀਆਂ ਅਰਜ਼ੀਆਂ 'ਤੇ ਸੁਣਵਾਈ ਕਰਨ ਦੇ ਬਾਅਦ ਮੰਗਲਵਾਰ ਨੂੰ ਮਾਣਹਾਨੀ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਨੂੰ ਜ਼ਮਾਨਤ ਦੇ ਦਿੱਤੀ। ਸਾਲ 2014 ਅਤੇ ਸਾਲ 2016 ਵਿਚ ਮੁਸਲਿਮਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਜ਼ਿਆ ਵਿਰੁੱਧ ਦੋ ਮਾਮਲੇ ਦਾਇਰ ਕੀਤੇ ਗਏ ਸਨ। ਉਨ੍ਹਾਂ 'ਤੇ ਬੰਗਬੰਧੁ ਸ਼ੇਖ ਮੁਜ਼ੀਬ-ਉਰ-ਰਹਿਮਾਨ ਵਿਰੁੱਧ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਵੀ ਕੇਸ ਦਰਜ ਕੀਤਾ ਗਿਆ ਸੀ। ਸੱਤਾਧਾਰੀ ਅਵਾਮੀ ਲੀਗ ਦੇ ਮੁਖੌਟਾ ਸੰਗਠਨ ਬੰਗਲਾਦੇਸ਼ ਜਨਨੇਤਰੀ ਪਰੀਸ਼ਦ ਦੇ ਪ੍ਰਧਾਨ ਏ.ਬੀ. ਸਿੱਦੀਕੀ ਨੇ ਇਹ ਮਾਮਲੇ ਦਰਜ ਕਰਵਾਏ ਸਨ।


Vandana

Content Editor

Related News