ਕੋਵਿਡ-19 ਦੇ ਮਾਮਲੇ ਵੱਧਣ ਦੇ ਬਾਅਦ ਬੰਗਲਾਦੇਸ਼ ’ਚ 7 ਦਿਨ ਦੀ ਤਾਲਾਬੰਦੀ ਲਾਗੂ

04/05/2021 4:03:02 PM

ਢਾਕਾ (ਭਾਸ਼ਾ) : ਬੰਗਲਾਦੇਸ਼ ਨੇ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਣ ਦੇ ਮੱਦੇਨਜ਼ਰ ਸੋਮਵਾਰ ਤੋਂ 7 ਦਿਨ ਦੀ ਰਾਸ਼ਟਰ ਵਿਆਪੀ ਤਾਲਾਬੰਦੀ ਲਗਾ ਦਿੱਤੀ ਗਈ ਹੈ। ਬੰਦ ਖ਼ਿਲਾਫ਼ ਛੋਟੇ ਕਰੋਬਾਰੀਆਂ ਦੇ ਪ੍ਰਦਰਸ਼ਨ ਦੌਰਾਨ ਜਨਤਕ ਆਵਾਜਾਈ ’ਤੇ ਰੋਕ ਅਤੇ ਬਾਜ਼ਾਰਾਂ ਨੂੰ ਨਾ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਢਾਕਾ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ ਐਤਵਾਰ ਨੂੰ ਜਾਰੀ ਸਰਕਾਰੀ ਪੱਤਰ ਮੁਤਾਬਕ, ਇਹ ਹੁਕਮ 5 ਅਪ੍ਰੈਲ ਤੋਂ ਸਵੇਰੇ 6 ਵਜੇ ਤੋਂ 11 ਅਪ੍ਰੈਲ ਦੀ ਰਾਤ ਤੱਕ ਪ੍ਰਭਾਵੀ ਰਹਿਣਗੇ। ਇਸ ਵਿਚ ਲੋਕਾਂ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਆਪਣੇ ਘਰਾਂ ਵਿਚੋਂ ਨਾ ਨਿਕਲਣ ਨੂੰ ਕਿਹਾ ਗਿਆ ਹੈ। 

ਖ਼ਬਰ ਵਿਚ ਦੱਸਿਆ ਗਿਆ ਕਿ ਇਹ ਫ਼ੈਸਲਾ ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਲਿਆ ਗਿਆ ਹੈ, ਜਿੱਥੇ ਹਾਲ ਹੀ ਦੇ ਹਫ਼ਤਿਆਂ ਵਿਚ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਿਆ ਹੈ। ਇਸ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਉਹ ਮਰੀਜ਼ਾਂ ਦੀ ਵੱਧਦੀ ਗਿਣਤੀ ਨਾਲ ਨਜਿੱਠਣ ਲਈ ਕੋਵਿਡ-19 ਦੇ ਇਲਾਜ ਲਈ ਨਿਰਧਾਰਤ ਅਤੇ ਆਈ.ਸੀ.ਯੂ. ਵਿਚ ਬਿਸਤਰਿਆਂ ਦੀ ਗਿਣਤੀ ਵਧਾ ਰਹੀ ਹੈ। ਯੂਨਾਈਟਡ ਨਿਊਜ਼ ਆਫ ਬੰਗਲਾਦੇਸ਼ ਮੁਤਾਬਕ ਐਤਵਾਰ ਤੱਕ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 7,087 ਨਵੇਂ ਮਾਮਲੇ ਸਾਹਮਣੇ ਆਏ, ਜੋ ਦੇਸ਼ ਵਿਚ ਗਲੋਬਲ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਇਕ ਦਿਨ ਵਿਚ ਸਾਹਮਣੇ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲੇ 6,37,364 ਹਨ। ਇਸ ਦੇ ਇਲਾਵਾ ਇਸ ਮਿਆਦ ਵਿਚ 53 ਲੋਕਾਂ ਦੀ ਮੌਤ ਦੇ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 9,266 ਹੋ ਗਈ ਹੈ। ਇਸ ਬੀਮਾਰੀ ਨਾਲ ਹੋਣ ਵਾਲੀ ਮੌਤ ਦੀ ਦਰ ਸ਼ਨੀਵਾਰ ਦੇ 1.46 ਫ਼ੀਸਦੀ ਦੀ ਤੁਲਨਾ ਵਿਚ ਐਤਵਾਰ ਨੂੰ ਘੱਟ ਕੇ 1.45 ਫ਼ੀਸਦੀ ਰਹਿ ਗਈ।

ਸਾਰੀਆਂ ਜਨਤਕ ਆਵਾਜਾਈ ਸੇਵਾਵਾਂ (ਸੜਕ, ਪਾਣੀ, ਰੇਲਵੇ ਅਤੇ ਘਰੇਲੂ ਜਹਾਜ਼) ਦੇ ਸੰਚਾਲਨ ’ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਸਾਰੇ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਅਦਾਲਤਾਂ ਅਤੇ ਨਿੱਜੀ ਦਫ਼ਤਰਾਂ ਨੂੰ ਸੀਮਤ ਪੱਧਰ ’ਤੇ ਆਪਣਾ ਖ਼ੁਦ ਦਾ ਟਰਾਂਸਪੋਰਟ ਮਾਧਿਅਮ ਇਸਤੇਮਾਲ ਕਰਕੇ ਕਰਮਚਾਰੀਆਂ ਨੂੰ ਲਿਆਉਣ-ਲਿਜਾਣ ਦੀ ਸੁਵਿਧਾ ਹੋਵੇਗੀ। ਤਾਲਾਬੰਦੀ ਵਿਚ ਫਸਣ ਦੇ ਖ਼ਦਸ਼ੇ ਦੌਰਾਨ ਐਤਵਾਰ ਨੂੰ ਹਜ਼ਾਰਾਂ ਲੋਕਾਂ ਨੇ ਢਾਕਾ ਛੱਡ ਦਿੱਤਾ। ਇਨ੍ਹਾਂ ਵਿਚ ਜ਼ਿਆਦਾਤਰ ਗ਼ਰੀਬ ਅਤੇ ਬੇਰੁਜ਼ਗਾਰ ਸਨ। ਹਾਲਾਂਕਿ ਢਾਕਾ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਈ ਦੁਕਾਨ ਮਾਲਕਾਂ ਅਤੇ ਕਰਮਚਾਰੀਆਂ ਨੇ ਸਾਰੇ ਸ਼ਾਪਿੰਗ ਮਾਲ ਅਤੇ ਬਾਜ਼ਾਰ ਬੰਦ ਰੱਖੇ ਜਾਣ ਦੇ ਸਰਕਾਰ ਦੇ ਫ਼ੈਸਲੇ ਦੇ ਵਿਰੋਧ ਵਿਚ ਸੜਕਾਂ ’ਤੇ ਪ੍ਰਦਰਸ਼ਨ ਕੀਤਾ।

cherry

This news is Content Editor cherry