ਹਾਰਟ ਅਟੈਕ ਤੋਂ ਬਚਾਉਂਦੇ ਹਨ ਕੇਲੇ

10/08/2017 1:57:39 AM

ਲੰਡਨ (ਏਜੰਸੀਆਂ)— ਹਾਰਟ ਅਟੈਕ ਦੀ ਬੀਮਾਰੀ ਅੱਜਕਲ ਆਮ ਹੋ ਗਈ ਹੈ, ਜਿਸਦਾ ਇਕ ਕਾਰਨ ਸਾਡੀ ਜੀਵਨਸ਼ੈਲੀ ਹੈ ਪਰ ਇਕ ਖੋਜ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਰੋਜ਼ ਇਕ ਕੇਲਾ ਜਾਂ ਅਮਰੂਦ ਖਾਣ ਨਾਲ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਕ ਖੋਜ ਮੁਤਾਬਕ ਪੋਟਾਸ਼ੀਅਮ ਨਾਲ ਭਰਪੂਰ ਖਾਣਾ ਤੁਹਾਨੂੰ ਹਾਰਟ ਅਟੈਕ ਤੋਂ ਬਚਾਅ ਸਕਦਾ ਹੈ। ਪੋਟਾਸ਼ੀਅਮ ਹਾਰਟ 'ਚ ਨਾੜਾਂ ਨੂੰ ਬਲਾਕ ਹੋਣ ਤੋਂ ਬਚਾਉਂਦਾ ਹੈ। 
ਪਹਿਲਾਂ ਇਕ ਖੋਜ ਵਿਚ ਪਾਇਆ ਗਿਆ ਸੀ ਕਿ ਨਾੜੀਆਂ ਦਾ ਸਖਤ ਹੋਣਾ ਹੀ ਦਿਲ ਦੀ ਬੀਮਾਰੀ ਹੋਣ ਦਾ ਕਾਰਨ ਹੈ। ਹੁਣ ਇਕ ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ ਪੋਟਾਸ਼ੀਅਮ ਨਾੜੀਆਂ ਨੂੰ ਸਖਤ ਹੋਣ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਨੂੰ ਲਚਕੀਲਾ ਰੱਖਦਾ ਹੈ।  ਅਲਾਬਾਮਾ ਦੀ ਇਕ ਯੂਨੀਵਰਸਿਟੀ ਨੇ ਚੂਹੇ 'ਤੇ ਕੀਤੀ ਇਕ ਖੋਜ ਦੌਰਾਨ ਪਾਇਆ ਕਿ ਜਿਸ ਚੂਹੇ ਨੂੰ ਘੱਟ ਮਾਤਰਾ ਵਿਚ ਪੋਟਾਸ਼ੀਅਮ ਦਿੱਤਾ ਗਿਆ, ਉਸ ਵਿਚ ਨਾੜੀਆਂ ਦਾ ਸਖਤ ਹੋਣਾ ਜ਼ਿਆਦਾ ਦੇਖਿਆ ਗਿਆ, ਬਜਾਏ ਜ਼ਿਆਦਾ ਮਾਤਰਾ ਵਿਚ ਪੋਟਾਸ਼ੀਅਮ ਖਾਣ ਵਾਲੇ ਚੂਹੇ ਤੋਂ। ਖੋਜ ਵਿਚ ਪਾਇਆ ਗਿਆ ਕਿ ਪੋਟਾਸ਼ੀਅਮ ਨੇ ਦਿਲ ਵਿਚ ਮੌਜੂਦ 'ਆਇਓਰਟਾ' ਨਾੜੀ ਨੂੰ ਸਖਤ ਹੋਣ ਤੋਂ ਬਚਾਇਆ ਅਤੇ ਉਸ ਨੂੰ ਲਚਕੀਲਾ ਰੱਖਿਆ ਜੋ ਕਿ ਸਖਤ ਹੋਣ 'ਤੇ ਹਾਰਟ ਅਟੈਕ ਦਾ ਕਾਰਨ ਬਣਦੀ ਹੈ।