ਸ. ਬਲਦੇਵ ਸਿੰਘ ਮੁੱਟਾ ਨੇ ਫਰਿਜ਼ਨੋ ਵਿਖੇ ਸੈਮੀਨਾਰ ''ਚ ਪਰਿਵਾਰਕ ਮਸਲਿਆਂ ''ਤੇ ਕੀਤੀ ਚਰਚਾ

10/05/2019 2:57:10 PM

ਫਰਿਜਨੋ, (ਨੀਟਾ ਮਾਛੀਕੇ)— ਸ. ਬਲਦੇਵ ਸਿੰਘ ਮੁੱਟਾ ਜੋ 'ਪੰਜਾਬੀ ਕਮਿਊਨਟੀ ਹੈਲਥ ਸਰਵਿਸ' ਬਰੈਂਪਟਨ, ਓਂਟਾਰੀਓ, ਕੈਨੇਡਾ ਵਿੱਚ 28 ਸਾਲ ਤੋਂ ਵਧੀਕ ਸਮੇਂ ਦੇ ਲਗਭਗ ਬਤੌਰ ਸੀ. ਈ. ਓ. ਸੇਵਾਵਾਂ ਨਿਭਾਅ ਰਹੇ ਹਨ। ਉਹ ਪ੍ਰਦੇਸ਼ਾਂ ਵਿੱਚ ਸਾਡੇ ਪਰਿਵਾਰਾਂ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਹਨ। ਬਲਦੇਵ ਸਿੰਘ ਮੁੱਟਾ ਜੀ ਆਪਣੇ ਭਾਈਚਾਰੇ ਨਾਲ ਸਬੰਧਤ ਮੁੱਦਿਆਂ ਉੱਤੇ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਰੱਖਣ ਅਤੇ ਸੁਲਝਾਉਣ ਵਿੱਚ ਮਨੋਵਿਗਿਆਨਕ ਤੌਰ 'ਤੇ ਮੁਹਾਰਤ ਰੱਖਦੇ ਹਨ।  ਅਜਿਹੀਆਂ ਹੀ ਪਰਿਵਾਰਿਕ ਅਤੇ ਬੱਚਿਆਂ ਦੀਆਂ ਵੱਧ ਰਹੀਆਂ ਸਮੱਸਿਆਵਾਂ 'ਤੇ ਵਿਚਾਰ-ਵਿਟਾਦਰਾਂ ਕਰਨ ਅਤੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦਾ ਇੱਕ ਰੋਜ਼ਾ ਸੈਮੀਨਾਰ 'ਗੁਰਦਵਾਰਾ ਸਿੰਘ ਸਭਾ' ਫਰਿਜ਼ਨੋ ਵਿਖੇ ਕਰਵਾਇਆ ਗਿਆ।
 

ਇਸ ਸੈਮੀਨਰ ਦੀ ਸ਼ੁਰੂਆਤ ਗੁਰਦੁਆਰਾ ਸਹਿਬ ਦੇ ਸੈਕੇਟਰੀ ਗੁਰਪ੍ਰੀਤ ਸਿੰਘ ਮਾਨ ਨੇ ਸਭਨਾਂ ਨੂੰ ਨਿੱਘੀ 'ਜੀ ਆਇਆ' ਆਖ ਕੇ ਕੀਤੀ। ਇਸ ਮੌਕੇ ਮਰਸਿਡ ਮੈਡੀਕਲ ਸੈਂਟਰ ਦੇ ਕੈਂਸਰ ਮਾਹਿਰ ਡਾ. ਪਰਮਿੰਦਰ ਸਿੰਘ ਸਿੱਧੂ ਨੇ ਬਲਦੇਵ ਸਿੰਘ ਮੁੱਟਾ ਦੀ ਜਾਣ-ਪਹਿਚਾਣ ਕਰਵਾਈ ਅਤੇ ਸੈਮੀਨਰ ਦੀ ਭੂਮਿਕਾ ਬੰਨ੍ਹੀ।ਉਪਰੰਤ ਬਲਦੇਵ ਸਿੰਘ ਮੁੱਟਾ ਨੇ ਜ਼ਿੰਦਗੀ ਦੀਆਂ ਤਿੰਨ ਅਹਿਮ ਸਟੇਜਾਂ 'ਤੇ ਲੈਕਚਰ ਦਿੱਤਾ ਤੇ ਦੱਸਿਆ  ਕਿ ਕਿਵੇਂ ਭਾਵਨਾ, ਸੋਚ ਅਤੇ ਜਾਗ੍ਰਿਤੀ ਸਾਨੂੰ ਇੱਕ ਨਵੀਂ ਸਵੇਰ ਵੱਲ ਲਿਜਾ ਸਕਦੀ ਹੈ, ਨਾਲ ਦੀ ਨਾਲ ਉਨ੍ਹਾਂ ਬੱਚਿਆਂ ਅਤੇ ਮਾਪਿਆਂ ਵਿੱਚ ਵਧ ਰਹੇ ਪਾੜੇ ਬਾਰੇ ਵੀ ਗੱਲ ਕੀਤੀ ਤੇ ਪਰਿਵਾਰਕ ਰਿਸ਼ਤਿਆਂ ਵਿੱਚ ਆ ਰਹੀਆਂ ਤਰੇੜਾਂ ਅਤੇ ਕਿਵੇਂ ਇਹਨਾਂ ਰਿਸ਼ਤਿਆਂ ਨੂੰ ਮਜ਼ਬੂਤ ਬਣਾਇਅੀ ਜਾਵੇ ਸੰਬੰਧੀ ਗੱਲਬਾਤ ਕੀਤੀ।  

ਸੈਮੀਨਾਰ ਦੇ ਅੰਤਿਮ ਪੜਾਅ ਵਿੱਚ ਸੰਗਤ ਨੇ ਬਲਦੇਵ ਸਿੰਘ ਮੁੱਟਾ ਨੂੰ ਸਵਾਲ ਵੀ ਕੀਤੇ, ਜਿਨ੍ਹਾਂ ਦੇ ਉੱਤਰ ਉਨ੍ਹਾਂ ਬੜੇ ਤਸੱਲੀਬਖਸ਼ ਢੰਗ ਨਾਲ ਦਿੰਦੇ ਹੋਏ ਸੰਤੁਸ਼ਟੀ ਕਰਵਾਈ।